ਫ਼ਤਹਿਗੜ੍ਹ ਸਾਹਿਬ, 25 ਅਗਸਤ 2021 – ਅੱਤਿਆਚਾਰਾਂ ਤੋਂ ਪੀੜਤ ਔਰਤਾਂ ਨੂੰ ਇਨਸਾਫ ਲਈ ਲੰਮੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ, ਜਿਸ ਕਾਰਨ ਕਈ ਵਾਰ ਔਰਤਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਜਾਂਦਾ ਸੀ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਵਨ ਸਟਾਪ ਸੈਂਟਰ ਚਲਾਏ ਜਾ ਰਹੇ ਹਨ ਤੇ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 36 ਲੱਖ 77 ਹਜ਼ਾਰ ਦੀ ਲਾਗਤ ਨਾਲ ਜ਼ਿਲ੍ਹਾਂ ਹਸਪਤਾਲ ਵਿਖੇ 1100 ਫੁੱਟ ‘ਚ ਵਨ ਸਟਾਪ ਸੈਂਟਰ ਦੀ ਨਵੀਂ ਇਮਾਰਤ ਬਣਾਈ ਗਈ ਹੈ, ਇਹ ਸੈਂਟਰ ਔਰਤਾਂ ਨੂੰ ਇਨਸਾਫ਼ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬੀਤੇ ਦਿਨ ਵਨ ਸਟਾਪ ਸੈਂਟਰ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਸਖੀ ਵਨ ਸਟਾਪ ਸੈਂਟਰ ਸਾਲ 2020 ਤੋਂ ਨਿਰੰਤਰ ਲਗਾਤਾਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਔਰਤਾਂ ਜਿਵੇਂ ਕਿ ਘਰੇਲੂ ਹਿੰਸਾ, ਤੇਜਾਬੀ ਹਮਲਾ, ਜਬਰ ਜਨਾਹ, ਤਸਕਰੀ,ਦਹੇਜ ਪੀੜਤ ਅਤੇ ਛੇੜਛਾੜ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਹੇਠਾਂ, ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਾਨਸਿਕ-ਸਮਾਜਿਕ ਕਾਊਂਸਲਿੰਗ, ਮੁਫਤ ਕਾਨੂੰਨੀ ਸਹਾਇਤਾ/ਕਾਨੂੰਨੀ ਸਲਾਹ ਮਸ਼ਵਰਾ ਅਤੇ ਪੀੜਤ ਮਹਿਲਾਂ ਨੂੰ ਅਸਥਾਈ ਆਸਰਾ ਆਦਿ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ।
ਸਖੀ ਵਨ ਸਟਾਪ ਸੈਂਟਰ ਵੱਲੋਂ ਹੁਣ ਤੱਕ ਵੱਖ ਵੱਖ ਕੇਸਾਂ ਵਿੱਚ ਪੁਲਿਸ ਸਹਾਇਤਾ 26, ਸਾਇਕੋਸੋਸ਼ਲ ਕਾਉਂਸਲਿੰਗ 46, ਫ੍ਰੀ ਕਾਨੂੰਨੀ ਸਹਾਇਤਾ 9, ਲੀਗਲ ਕਾਉਂਸਲਿੰਗ 33, ਮੈਡੀਕਲ ਸਹਾਇਤਾ 12 ਅਤੇ 6 ਕੇਸਾਂ ਵਿੱਚ ਸੈ਼ਲਟਰ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਚੁੱਕੀ ਹੈ ।ਸੈਲਟਰ ਵਿੱਚ ਆਉਣ ਵਾਲੀਆ ਮਹਿਲਾਵਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਦਾ ਸੈਂਟਰ ਵੱਲੋਂ ਵਿਸ਼ੇਸ਼ ਧਿਆਨ ਰੱਖਿਆ ਗਿਆ।
ਨਾਗਰਾ ਨੇ ਦੱਸਿਆ ਕਿ ਇਸ ਸੈਂਟਰ ਦਾ ਮੁੱਖ ਮੰਤਵ ਅੱਤਿਆਚਾਰ ਤੋਂ ਪੀੜਤ ਔਰਤਾਂ ਨੂੰ ਇਕੋ ਛੱਤ ਹੇਠ ਇਨਸਾਫ ਦਿਵਾਉਣਾ ਹੈ ਅਤੇ ਇਸ ਸਬੰਧੀ ਸਾਰੀ ਕਾਰਵਾਈ ਵਨ ਸਟਾਪ ਸੈਂਟਰ ਵਿਖੇ ਹੀ ਹੁੰਦੀ ਹੈ ਤਾਂ ਜੋ ਅੱਤਿਆਚਾਰ ਤੋਂ ਪੀੜਤ ਔਰਤਾਂ ਨੂੰ ਇਨਸਾਫ ਲਈ ਥਾਂ-ਥਾਂ ਨਾ ਜਾਣਾ ਪਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਲੋਕਾਂ ਨੂੰ ਕਿਸੇ ਵੀ ਬੁਨਿਆਦੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।