ਨਵੀਂ ਦਿੱਲੀ, 4 ਜੂਨ ਰਾਜਧਾਨੀ ਦਿੱਲੀ ਵਿੱਚ ਇਸ ਵਾਰ ਮਾਨਸੂਨ ਦੌਰਾਨ ਸਾਧਾਰਨ ਤੋਂ ਜ਼ਿਆਦਾ ਬਾਰਿਸ਼ ਹੋ ਸਕਦੀ ਹੈ| 27 ਜੂਨ ਦੇ ਨੇੜੇ ਮਾਨਸੂਨ ਦਸਤਕ ਵੀ ਦੇ ਸਕਦਾ ਹੈ| ਜ਼ਿਆਦਾ ਬਾਰਿਸ਼ ਜੁਲਾਈ ਮਹੀਨੇ ਵਿੱਚ ਹੋਵੇਗੀ| ਸਕਾਈਮੇਟ ਦੇ ਮਹੇਸ਼ ਪਲਾਵਤ ਮੁਤਾਬਕ ਮਾਨਸੂਨ ਇਸ ਵਾਰ ਸਾਧਾਰਨ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੀ ਤੀਬਰਤਾ ਵੀ ਜਿਆਦਾ ਰਹਿਣ ਦੀ ਉਮੀਦ ਹੈ|
ਦਿੱਲੀ ਵਿੱਚ ਮਾਨਸੂਨ ਦੌਰਾਨ ਇਸ ਵਾਰ ਘੱਟ ਅੰਤਰਾਲ ਵਿੱਚ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ| ਇਸ ਕਾਰਨ ਦਿੱਲੀ ਵਾਸੀਆਂ ਨੂੰ ਪਾਣੀ ਭਰਨ ਦੀ ਸਮੱਸਿਆਵਾਂ ਨਾਲ ਕਾਫੀ ਜ਼ਿਆਦਾ ਜੂਝਣਾ ਪੈ ਸਕਦਾ ਹੈ| ਪਿਛਲੇ ਸਾਲ ਵੀ ਮਾਨਸੂਨ ਸਾਧਾਰਨ ਸੀ ਪਰ ਮਾਨਸੂਨ ਦੀ ਤੀਬਰਤਾ ਜ਼ਿਆਦਾ ਰਹੀ ਸੀ| ਇਸ ਕਾਰਨ 2-3 ਵਾਰ ਦਿੱਲੀ ਵਾਲਿਆਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ| ਇਸ ਤਰ੍ਹਾਂ ਦਾ ਮਾਨਸੂਨ ਇਸ ਵਾਰ ਵੀ ਆ ਸਕਦਾ ਹੈ|
ਸੰਭਾਵਨਾ ਹੈ ਕਿ ਮਾਨਸੂਨ ਤੋਂ ਪਹਿਲਾਂ ਪ੍ਰੀ-ਮਾਨਸੂਨ ਬਾਰਿਸ਼ ਦਿੱਲੀ ਨੂੰ ਜ਼ਿਆਦਾ ਨਹੀਂ ਮਿਲੇਗੀ| ਅਗਲੀ ਪੱਛਮੀ ਗੜਬੜੀ ਦੇ ਲਈ ਦਿੱਲੀ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ| ਇਸ ਕਾਰਨ 10 ਜੂਨ ਤੋਂ ਬਾਅਦ ਲੂ ਦੀ ਵਾਪਸੀ ਹੋ ਸਕਦੀ ਹੈ ਅਤੇ ਤਾਪਮਾਨ 41 ਡਿਗਰੀ ਤੇ ਪਹੁੰਚ ਸਕਦਾ ਹੈ| ਮਾਨਸੂਨ ਤੋਂ 2-3 ਦਿਨ ਪਹਿਲਾਂ ਹੀ ਦਿੱਲੀ ਵਿੱਚ ਬਾਰਿਸ਼ ਦੀ ਸੰਭਾਵਨਾ ਹੋ ਸਕਦੀ ਹੈ| ਆਈ.ਐਮ.ਡੀ ਦੇ ਮੁਤਾਬਕ ਉੱਤਰ-ਪੱਛਮੀ ਭਾਰਤ ਵਿੱਚ ਮਾਨਸੂਨ ਦੌਰਾਨ 107 ਫੀਸਦੀ ਬਾਰਿਸ਼ ਦੀ ਸੰਭਾਵਨਾ ਹੈ| ਇਸ ਵਿੱਚ 8 ਫੀਸਦੀ ਦਾ ਅੰਤਰ ਹੋ ਸਕਦਾ ਹੈ| ਉੱਤਰ-ਪੱਛਮੀ ਭਾਰਤ ਵਿੱਚ ਦਿੱਲੀ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ , ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ ਸ਼ਾਮਲ ਹਨ|