ਐਸ ਏ ਐਸ ਨਗਰ, 24 ਅਗਸਤ- ਪਿਛਲੇ 79 ਦਿਨਾਂ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਸਯੁੰਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਚਲ ਰਹੀ ਭੁੱਖ ਹੜਤਾਲ ਵਿੱਚ ਅੱਜ ਆਜਾਦ ਗਰੁੱਪ ਮੁਹਾਲੀ ਦੇ ਕੌਂਸਲਰ ਅਤੇ ਸਾਬਕਾ ਕੌਂਸਲਰ ਬੈਠੇ।
ਇਸ ਮੌਕੇ ਸੰਬੋਧਨ ਕਰਦਿਆਂ ਆਜਾਦ ਗਰੁਪ ਦੇ ਮੁਖੀ ਅਤੇ ਸਾਬਕਾ ਮੇਅਰ ਸz. ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਦੁਨੀਆਂ ਵਿੱਚ ਮਿਸਾਲ ਬਣਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਿੰਦੋਸਤਾਨ ਦੀ ਆਜਾਦੀ ਦੀ ਲੜਾਈ ਹੋਵੇ ਜਾਂ ਐਮਰਜੈਂਸੀ ਦੇ ਖਿਲਾਫ ਸੰਘਰਸ਼ ਅਤੇ ਹੁਣ ਚਲ ਰਹੇ ਕਿਸਾਨ ਅੰਦੋਲਨ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਅਤੇ ਮਜਦੂਰਾਂ ਵਿਚ ਇਹ ਸਮਝ ਆ ਗਈ ਹੈ ਕਿ ਆਪਣੇ ਹੱਕਾਂ ਲਈ ਕਿਸ ਤਰ੍ਹਾਂ ਸੰਘਰਸ਼ ਕਰਨਾ ਹੈ। ਸਰਕਾਰ ਨੇ ਹਰ ਵਾਰੀ ਕਦੇ ਧਰਮ ਦੇ ਨਾਮ ਤੇ, ਕਦੇ ਅੱਤਵਾਦੀ ਕਹਿ ਕੇ ਕਿਸਾਨ ਸੰਘਰਸ਼ ਨੂੰ ਤੋੜਨ ਦਾ ਯਤਨ ਕੀਤਾ ਹੈ, ਪਰ ਸਰਕਾਰ ਦੇ ਇਨ੍ਹਾਂ ਯਤਨਾਂ ਦਾ ਕਿਸਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ।
ਉਹਨਾਂ ਕਿਹਾ ਕਿ ਵੱਡੇ ਸੰਘਰਸ਼ ਇਕ ਦੋ ਦਿਨਾਂ ਵਿਚ ਕਾਮਯਾਬ ਨਹੀਂ ਹੁੰਦੇ ਬਲਕਿ ਉਹ ਲੰਬਾ ਸਮਾਂ ਚਲਦੇ ਹਨ। ਉਹਨਾਂ ਕਿਹਾ ਕਿ ਹਕੂਮਤ ਦਾ ਨਸ਼ਾ ਇੰਨਾ ਜਿਆਦਾ ਹੁੰਦਾ ਹੈ ਕਿ ਸਰਕਾਰ ਚਲਾ ਰਹੀ ਪਾਰਟੀ ਹੰਕਾਰੀ ਹੋਈ ਹੁੰਦੀ ਹੈ ਅਤੇ ਇਹ ਹੰਕਾਰ ਸਰਕਾਰ ਦੀ ਸਮਝ ਨੂੰ ਖਤਮ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨਾਲ ਮੋਦੀ ਸਰਕਾਰ ਦਾ ਹੰਕਾਰ ਇਕ ਦਿਨ ਚਕਨਾਚੂਰ ਜਰੂਰ ਹੋਵੇਗਾ।
ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਨਾਲ ਨਾਲ ਹੋਰ ਅਹਿਮ ਮਸਲੇ ਹਲ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਪਰਮਾਤਮਾ ਹਕੂਮਤ ਕਰ ਰਹੇ ਲੋਕਾਂ ਨੂੰ ਸੁਮੱਤ ਬਖਸ਼ੇ ਤਾਂ ਕਿ ਜਿਹੜੇ ਕਾਲੇ ਕਾਨੂੰਨ ਉਹਨਾਂ ਨੇ ਬਣਾਏ ਹਨ, ਉਹ ਕਾਨੂੰਨ ਰੱਦ ਕੀਤੇ ਜਾਣ ਅਤੇ ਜਿਹੜੇ ਕਿਸਾਨਾਂ, ਮਜਦੂਰਾਂ, ਬਜੁਰਗਾਂ ਨੂੰ ਸਰਕਾਰ ਨੇ ਸੜਕਾਂ ਤੇ ਰੋਲਿਆ ਹੈ, ਉਹਨਾਂ ਤੋਂ ਸਰਕਾਰ ਮਾਫੀ ਮੰਗੇ।
ਇਸ ਮੌਕੇ ਸਾਬਕਾ ਕਂੌਸਲਰ ਸz. ਫੂਲਰਾਜ ਸਿੰਘ ਅਤੇ ਸz. ਸੁਖਮਿੰਦਰ ਸਿੰਘ ਬਰਨਾਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਕਂੌਸਲਰ ਆਰ ਪੀ ਸ਼ਰਮਾ, ਪਰਮਜੀਤ ਸਿੰਘ ਕਾਹਲੋਂ, ਹਰਪਾਲ ਸਿੰਘ ਚੰਨਾ, ਸੁਰਿੰਦਰ ਸਿੰਘ ਰੋਡਾ ਤੋਂ ਇਲਾਵਾ ਆਜਾਦ ਗਰੁੱਪ ਦੇ ਆਗੂ ਅਰੁਣ ਗੋਇਲ, ਕੁਲਦੀਪ ਸਿੰਘ, ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਰਾਜੀਵ ਵਸ਼ਿਸ਼ਟ ਵੀ ਹਾਜਰ ਸਨ।