ਨਵੀਂ ਦਿੱਲੀ, 24 ਅਗਸਤ – ਅਫ਼ਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਉਪਰੰਤ ਉੱਥੋਂ ਲੋਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਜਾਰੀ ਹੈ ਅਤੇ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਵਲੋਂ ਜਾਨ ਜ਼ੋਖਮ ਵਿੱਚ ਪਾ ਕੇ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਅਫ਼ਗਾਨਿਸਤਾਨ ਤੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਤੇ 78 ਲੋਕਾਂ ਨੂੰ ਲੈ ਕੇ ਭਾਰਤ ਪੁੱਜਾ ਹੈ। ਇਸ ਵਿੱਚ 25 ਭਾਰਤੀ ਨਾਗਰਿਕਾਂ ਸਮੇਤ 78 ਯਾਤਰੀ ਸਵਾਰ ਸਨ। ਇਹ ਸਾਰੇ ਅੱਜ ਸਵੇਰੇ ਦਿੱਲੀ ਹਵਾਈ ਅੱਡੇ ਤੇ ਪਹੁੰਚੇ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਨੂੰ ਸ਼ਰਧਾਲੂਆਂ ਵਲੋਂ ਪੂਰੇ ਰਸਤੇ ਆਪਣੇ ਸਿਰ ਤੇ ਰੱਖ ਕੇ ਲਿਆਂਦਾ ਗਿਆ ਹੈ।
ਦਿੱਲੀ ਹਵਾਈ ਅੱਡੇ ਤੇ ਕਾਬੁਲ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਨੂੰ ਰਿਸੀਵ ਕਰਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਤਿੰਨ ਹੋਰ ਮੰਤਰੀ ਪੁੱਜੇ। ਹਰਦੀਪ ਪੁਰੀ ਪੂਰੀ ਮਰਿਆਦਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਸਿਰ ਤੇ ਲੈ ਕੇ ਹਵਾਈ ਅੱਡੇ ਤੋਂ ਬਾਹਰ ਨਿਕਲੇ। ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੁਰੀ ਵਾਹਿਗੁਰੂ ਦਾ ਜਾਪ ਕਰ ਕਰਦੇ ਰਹੇ। ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪੂਰੇ ਸਨਮਾਨ ਨਾਲ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਕਾਬੁਲ ਤੋਂ ਦਿੱਲੀ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਭਾਰਤ ਵਿੱਚ ਲਿਆਂਦੇ ਗਏ। ਉਨ੍ਹਾਂ ਦੀ ਸੇਵਾ ਕਰਨ ਦਾ ਅਖੰਡ ਸੌਗਾਭ ਪ੍ਰਾਪਤ ਹੋਇਆ।
ਹਵਾਈ ਅੱਡੇ ਪਹੁੰਚਣ ਤੇ ਇਨ੍ਹਾਂ ਲੋਕਾਂ ਦੇ ਚਿਹਰਿਆਂ ਤੇ ਕਾਬੁਲ ਤੋਂ ਸੁਰੱਖਿਅਤ ਨਿਕਲਣ ਦੀ ਖ਼ੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਕਾਬੁਲ ਤੋਂ ਪਰਤੇ ਲੋਕ ‘ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’ ਕਹਿੰਦੇ ਹੋਏ ਨਜ਼ਰ ਆ ਰਹੇ ਸਨ।
ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਅਫ਼ਗਾਨਿਸਤਾਨ ਤੋਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਅਤੇ 78 ਲੋਕਾਂ ਨੂੰ ਲੈ ਕੇ ਭਾਰਤ ਪਰਤਿਆ। ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਅਜੇ ਵੀ 200 ਅਫ਼ਗਾਨ ਸਿੱਖ ਅਤੇ ਹਿੰਦੂ ਫਸੇ ਹੋਏ ਹਨ। ਇਨ੍ਹਾਂ ਲੋਕਾਂ ਨੇ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ ਵਿਚ ਸ਼ਰਨ ਲਈ ਹੋਈ ਹੈ, ਜੋ ਹਵਾਈ ਅੱਡੇ ਦੇ ਨੇੜੇ ਹੈ। ਅਫ਼ਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ।