ਐਸ ਏ ਐਸ ਨਗਰ, 1 ਅਗਸਤ- ਐਨ ਆਈ ਏ ਵਲੋਂ ਅੱਜ ਪੰਜਾਬ ਵਿੱਚ ਕਈ ਥਾਵਾਂ ਤੇ ਖਾਲਿਸਤਾਨ ਲਹਿਰ ਨਾਲ ਜੁੜੇ ਵਿਅਕਤੀਆਂ ਦੇ ਘਰਾਂ ਤੇ ਕੀਤੀ ਗਈ ਛਾਪੇਮਾਰੀ ਦੌਰਾਨ ਇੰਗਲੈਂਡ ਰਹਿੰਦੇ ਖਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂ ਪਰਮਜੀਤ ਸਿੰਘ ਦੇ ਸਥਾਨਕ ਫੇਜ਼ 3 ਬੀ 2 ਵਿੱਚ ਸਥਿਤ ਘਰ ਵਿੱਚ ਛਾਪੇਮਾਰੀ ਕੀਤੀ ਅਤੇ ਘਰ ਵਿੱਚ ਰਹਿੰਦੇ ਪੰਮੇ ਦੇ ਮਾਤਾ ਪਿਤਾ ਤੋਂ ਪੁੱਛਗਿੱਛ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਟੀਮ ਸਵੇਰੇ 6 ਵਜੇ ਦੇ ਕਰੀਬ ਪੰਮੇ ਦੇ ਘਰ ਪਹੁੰਚੀ ਅਤੇ ਉਸਦੇ ਮਾਤਾ ਪਿਤਾ ਨੂੰ ਘਰ ਦੀ ਤਲਾਸ਼ੀ ਲੈਣ ਬਾਰੇ ਦੱਸਿਆ। ਐਨ ਆਈ ਏ ਦੀ ਟੀਮ ਦੇ ਨਾਲ ਸਥਾਨਕ ਪੁਲੀਸ ਅਤੇ ਮਹਿਲਾ ਪੁਲੀਸ ਦੀ ਟੁਕੜੀ ਵੀ ਸ਼ਾਮਿਲ ਸੀ। ਇਸ ਮੌਕੇ ਪੰਮੇ ਦੇ ਮਾਤਾ ਪਿਤਾ ਨੇ ਵਾਰਡ ਦੇ ਐਮ ਸੀ ਦੀ ਹਾਜਰੀ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਜਿਸ ਤੇ ਪੁਲੀਸ ਵਲੋਂ ਵਾਰਡ ਦੇ ਕੌਂਸਲਰ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੂੰ ਮੌਕੇ ਤੇ ਸੱਦਿਆ ਗਿਆ ਅਤੇ ਫਿਰ ਘਰ ਦੀ ਤਲਾਸ਼ੀ ਲਈ ਗਈ। ਐਨ ਆਈ ਏ ਦੀ ਟੀਮ ਦੀ ਅਗਵਾਈ ਇੰਸਪੈਕਟਰ ਪੱਧਰ ਦੇ ਇੱਕ ਅਧਿਕਾਰੀ ਨੇ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਤਲਾਸ਼ੀ ਦੌਰਾਨ ਐਨ ਆਈ ਏ ਦੀ ਟੀਮ ਨੂੰ ਕੋਈ ਵੀ ਇਤਰਾਜਯੋਗ ਵਸਤੂ ਬਰਾਮਦ ਨਹੀਂ ਹੋਈ। ਟੀਮ ਵਲੋਂ ਪਰਮਜੀਤ ਸਿੰਘ ਪੰਮਾ ਦੇ ਮਾਤਾ ਪਿਤਾ ਦੇ ਬਿਆਨ ਦਰਜ ਕੀਤੇ ਗਏ ਅਤੇ ਫਿਰ ਡਿਪਟੀ ਮੇਅਰ ਤੋਂ ਗਵਾਹੀ ਪਵਾਉਣ ਤੋਂ ਬਾਅਦ ਟੀਮ ਵਾਪਸ ਪਰਤ ਗਈ।
ਪਰਮਜੀਤ ਸਿੰਘ ਪੰਮਾ ਦੇ ਪਿਤਾ ਸz. ਅਮਰੀਕ ਸਿੰਘ ਨੇ ਦੱਸਿਆ ਕਿ ਐਨ ਆਈ ਏ ਦੀ ਟੀਮ ਤੜਕੇ ਛੇ ਵਜੇ ਦੇ ਕਰੀਬ ਉਹਨਾਂ ਦੇ ਘਰ ਪਹੁੰਚੀ। ਉਹਨਾਂ ਕਿਹਾ ਕਿ ਉਹਨਾਂ ਦਾ ਵਿਦੇਸ਼ ਰਹਿੰਦੇ ਆਪਣੇ ਪੁੱਤਰ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਸ ਬਾਰੇ ਉਹ ਪਹਿਲਾਂ ਵੀ ਪੁਲੀਸ ਨੂੰ ਜਾਣਕਾਰੀ ਦੇ ਚੁੱਕੇ ਹਨ ਪਰੰਤੂ ਪੁਲੀਸ ਵਲੋਂ ਵਾਰ ਵਾਰ ਉਹਨਾਂ ਦੇ ਘਰ ਤੇ ਛਾਪੇਮਾਰੀ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ।
ਇਸ ਮੌਕੇ ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਐਨ ਆਈ ਏ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਪੰਮਾ ਆਪਣੇ ਮਾਂ ਬਾਪ ਦੇ ਸੰਪਰਕ ਵਿੱਚ ਨਹੀਂ ਹੈ ਅਤੇ ਇਸ ਤਰੀਕੇ ਨਾਲ ਬਜੁਰਗ ਜੋੜੇ ਨੂੰ ਤੰਗ ਕਰਨ ਦੀ ਕੋਈ ਤੁਕ ਨਹੀਂ ਬਣਦੀ। ਉਹਨਾਂ ਕਿਹਾ ਕਿ ਤਕਨੀਕ ਦੇ ਇਸ ਯੁਗ ਵਿੱਚ ਜਦੋਂ ਪੁਲੀਸ ਹਰ ਗੱਲ ਦਾ ਪਤਾ ਲਗਾਉਣ ਦੇ ਸਮਰਥ ਹੈ ਅਤੇ ਪੁਲੀਸ ਨੂੰ ਵੀ ਬਿਨਾ ਵਜ੍ਹਾ ਕਿਸੇ ਨੂੰ ਤੰਗ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ।