ਕਾਬੁਲ – ਤਾਲਿਬਾਨ ਨੇ ਅਫਗਾਨਿਸਤਾਨ ਦੇ 90 ਫੀਸਦੀ ਇਲਾਕਿਆਂ ਤੇ ਕਬਜ਼ਾ ਕਰ ਲਿਆ ਹੈ। ਬੀਤੇ ਦਿਨ ਤਾਲਿਬਾਨ ਦੇ ਲੜਾਕਿਆਂ ਨੇ ਸਪਿਨ ਬੋਲਡਕ ਇਲਾਕੇ ਵਿੱਚ ਭਿਆਨਕ ਹਮਲੇ ਕੀਤੇ। ਇਸ ਦੌਰਾਨ ਤਾਲਿਬਾਨੀ ਅੱਤਵਾਦੀਆਂ ਨੇ 100 ਅਫਗਾਨ ਨਾਗਰਿਕਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਇਹਨਾਂ ਲੋਕਾਂ ਦੇ ਘਰਾਂ ਵਿੱਚ ਲੁੱਟ-ਖੋਹ ਕੀਤੀ ਗਈ ਅਤੇ ਜਸ਼ਨ ਮਨਾਇਆ ਗਿਆ। ਮਾਰੇ ਗਏ 100 ਵਿਅਕਤੀਆਂ ਦੀ ਲਾਸ਼ਾਂ ਮੈਦਾਨ ਵਿੱਚ ਸੜ ਰਹੀਆਂ ਹਨ।ਦੇਸ਼ ਦੇ ਅੰਦਰੂਨੀ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਤਾਲਿਬਾਨ ਨੇ ਸਪਿਨ ਬੋਲਡਕ ਇਲਾਕੇ ਵਿੱਚ ਹਮਲਾ ਕੀਤਾ ਹੈ। ਸਪਿਨ ਬੋਲਡਕ ਇਕ ਸਰਹੱਦੀ ਸ਼ਹਿਰ ਹੈ ਜਿਸ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਹ ਕੰਧਾਰ ਦੀਆਂ ਪ੍ਰਮੁੱਖ ਰਣਨੀਤਕ ਥਾਵਾਂ ਵਿੱਚੋਂ ਇਕ ਹੈ। ਹਾਲ ਹੀ ਵਿੱਚ ਤਾਲਿਬਾਨ ਨੇ ਇਸ ਥਾਂ ਤੇ ਕਬਜ਼ਾ ਕਰ ਲਿਆ ਸੀ। ਬਾਰਡਰ ਕ੍ਰਾਸਿੰਗ ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਇਸ ਥਾਂ ਨੂੰ ਵਾਪਸ ਪਾਉਣ ਲਈ ਅਫਗਾਨ ਸੁਰੱਖਿਆ ਬਲ ਲੜਾਈ ਲੜ ਰਹੇ ਸਨ।ਤਾਲਿਬਾਨ ਨੇ ਕਬਜ਼ਾ ਕਰਨ ਮਗਰੋਂ ਨਾਗਰਿਕਾਂ ਦੇ ਘਰਾਂ ਵਿੱਚ ਲੁੱਟ-ਖੋਹ ਕੀਤੀ ਅਤੇ ਆਪਣੇ ਝੰਡੇ ਫਹਿਰਾਏ। ਫਰਾਂਸ 24 ਵੱਲੋਂ ਜਾਰੀ ਕੀਤੇ ਗਏ ਵੀਡੀਓ ਫੁਟੇਜ ਵਿੱਚ ਤਾਲਿਬਾਨ ਦੇ ਕਈ ਮੈਂਬਰਾਂ ਨੂੰ ਸ਼ਹਿਰ ਵਿਚ ਭੰਨ-ਤੋੜ ਕਰਦੇ, ਘਰਾਂ ਨੂੰ ਲੁੱਟਦੇ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਜ਼ਬਤ ਕਰਦਿਆਂ ਦੇਖਿਆ ਗਿਆ ਜੋ ਇਲਾਕਾ ਛੱਡ ਕੇ ਭੱਜ ਗਏ ਸਨ।