ਹਰਿਆਣਾ – ਹਰਿਆਣਾ ਦੇ ਅਧਿਆਪਕ ਭਰਤੀ ਘਪਲੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਕੱਟ ਰਹੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸਾਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਅੱਜ ਰਿਹਾਅ ਕਰ ਦਿੱਤਾ ਗਿਆ। ਉਹ ਪੈਰੋਲ ਤੇ ਰਿਹਾਅ ਸੀ ਅਤੇ ਅੱਜ ਉਹ ਰਸਮੀ ਕਾਰਵਾਈ ਪੂਰੀ ਕਰਨ ਲਈ ਤਿਹਾੜ ਜੇਲ੍ਹ ਪਹੁੰਚੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।ਡਾਇਰੈਕਟਰ ਜਨਰਲ (ਦਿੱਲੀ ਜੇਲ੍ਹ) ਸੰਦੀਪ ਗੋਇਲ ਨੇ ਦੱਸਿਆ ਕਿ ਜ਼ਰੂਰੀ ਰਸਮੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।ਪਿਛਲੇ ਮਹੀਨੇ ਦਿੱਲੀ ਸਰਕਾਰ ਨੇ ਇਕ ਆਦੇਸ਼ ਜਾਰੀ ਕੀਤਾ ਸੀ ਅਤੇ ਕੋਰੋਨਾ ਵਾਇਰਸ ਸੰਕਰਮਣ ਕਾਰਨ ਜੇਲ੍ਹਾਂ ਵਿੱਚੋਂ ਭੀੜ ਘੱਟ ਕਰਨ ਲਈ ਅਜਿਹੇ ਕੈਦੀਆਂ ਨੂੰ 6 ਮਹੀਨੇ ਦੀ ਵਿਸ਼ੇਸ਼ ਛੋਟ ਦਿੱਤੀ ਸੀ ਜਿਨ੍ਹਾਂ ਨੇ 10 ਸਾਲ ਦੀ ਆਪਣੀ ਸਜ਼ਾ ਦੇ ਸਾਢੇ 9 ਸਾਲ ਪੂਰੇ ਕਰ ਲਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਕਿਉਂਕਿ ਚੌਟਾਲਾ ਨੇ ਆਪਣੀ ਸਜ਼ਾ ਦੇ 9 ਸਾਲ 9 ਮਹੀਨੇ ਪੂਰੇ ਕਰ ਲਏ ਹਨ ਤਾਂ ਉਹ ਰਿਹਾਅ ਹੋਣ ਦੇ ਹੱਕਦਾਰ ਹਨ।ਜਿਕਰਯੋਗ ਹੈ ਕਿ ਚੌਟਾਲਾ ਨੂੰ ਅਧਿਆਪਕ ਭਰਤੀ ਘਪਲਾ ਮਾਮਲੇ ਵਿੱਚ 2013 ਨੂੰ ਜੇਲ੍ਹ ਦੀ ਸਜ਼ਾ ਹੋਈ ਸੀ। ਕੋਰੋਨਾ ਮਹਾਮਾਰੀ ਕਾਰਨ ਉਹ 26 ਮਾਰਚ 2020 ਤੋਂ ਐਮਰਜੈਂਸੀ ਪੈਰੋਲ ਤੇ ਸਨ ਅਤੇ ਉਨ੍ਹਾਂ ਨੇ 21 ਫਰਵਰੀ 2021 ਨੂੰ ਆਤਮਸਮਰਪਣ ਕਰਨਾ ਸੀ। ਇਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਪਹਿਲਾਂ ਦੱਸਿਆ ਸੀ ਕਿ ਹਾਈ ਕੋਰਟ ਨੇ ਉਨ੍ਹਾਂ ਦੀ ਪੈਰੋਲ ਵਧਾ ਦਿੱਤੀ ਹੈ।ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਬੇਟੇ ਅਜੇ ਚੌਟਾਲਾ ਅਤੇ 53 ਹੋਰ ਵਿਅਕਤੀਆਂ ਨੂੰ ਸਾਲ 2000 ਵਿੱਚ 3,206 ਜੂਨੀਅਰ ਬੇਸਿਕ ਅਧਿਆਪਕਾਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਭਰਤੀ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਗਈ ਸੀ। ਜਨਵਰੀ 2013 ਵਿੱਚ ਸੀ. ਬੀ. ਆਈ. ਨੂੰ ਵਿਸ਼ੇਸ਼ ਅਦਾਲਤ ਵਿੱਚ ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਮਿਆਦ ਦੀ ਸਜ਼ਾ ਸੁਣਾਈ ਗਈ।