ਨਵੀਂ ਦਿੱਲੀ, 9 ਸਤੰਬਰ- ਦੇਸ਼ ਭਰ ਵਿੱਚ ਕੋਰੋਨਾ ਆਫ਼ਤ ਦਰਮਿਆਨ ਮੈਡੀਕਲ ਪ੍ਰਵੇਸ਼ ਪ੍ਰੀਖਿਆ (ਨੀਟ) 13 ਸਤੰਬਰ ਨੂੰ ਆਯੋਜਿਤ ਹੋਵੇਗੀ| ਨੀਟ ਪ੍ਰੀਖਿਆ 2020 ਨੂੰ ਕੋਰੋਨਾ ਮਹਾਮਾਰੀ ਦਰਮਿਆਨ ਨਾ ਕਰਾਉਣ ਨੂੰ ਲੈ ਕੇ ਦਾਇਰ ਕੀਤੀ ਗਈ ਨਵੀਂ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਖਾਰਜ ਕਰ ਦਿੱਤਾ ਹੈ| ਇਸ ਤਰ੍ਹਾਂ ਨੀਟ ਪ੍ਰੀਖਿਆ ਤੈਅ ਸਮੇਂ ਤੇ ਹੀ ਹੋਵੇਗੀ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰੀਖਿਆ ਲਈ ਮੁੜ ਵਿਚਾਰ ਪਟੀਸ਼ਨਾਂ ਖਾਰਜ ਹੋ ਚੁੱਕੀਆਂ ਹਨ| ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਤੈਅ ਸ਼ੈਡਿਊਲ ਮੁਤਾਬਕ ਹੀ 13 ਸਤੰਬਰ ਨੂੰ ਪ੍ਰੀਖਿਆ ਹੋਵੇਗੀ|
ਜਿਕਰਯੋਗ ਹੈ ਕਿ ਦੇਸ਼ ਭਰ ਵਿਚ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ. ਮੇਨ) ਤਮਾਮ ਵਿਰੋਧ ਦਰਮਿਆਨ 1 ਤੋਂ 6 ਸਤੰਬਰ ਤੱਕ ਆਯੋਜਿਤ ਕੀਤੀ ਗਈ| ਇਸ ਪ੍ਰੀਖਿਆ ਵਿਚ ਕਰੀਬ 8 ਲੱਖ ਤੋਂ ਵਧੇਰੇ ਉਮੀਦਵਾਰ ਸ਼ਾਮਲ ਹੋਏ| ਉੱਥੇ ਹੀ ਹੁਣ 13 ਸਤੰਬਰ ਨੂੰ ਨੀਟ ਦੀ ਪ੍ਰੀਖਿਆ ਹੋਣੀ ਹੈ| ਹੁਣ ਵੀ ਇਸ ਪ੍ਰੀਖਿਆ ਨੂੰ ਰੱਦ ਕਰਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ| ਇਸ ਮਾਮਲੇ ਨੂੰ ਲੈ ਕੇ ਪਟੀਸ਼ਨਕਰਤਾਵਾਂ ਵਲੋਂ ਸੀਨੀਅਰ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਨੇ ਦਲੀਲਾਂ ਰੱਖੀਆਂ ਗਈਆਂ ਸਨ| ਇਹ ਪਟੀਸ਼ਨ ਨਾ ਸਿਰਫ ਪ੍ਰੀਖਿਆ ਨੂੰ ਰੱਦ ਕਰਨ ਸਗੋਂ ਕਿ ਪ੍ਰੀਖਿਆ ਲਈ ਹੋਰ ਜ਼ਿਆਦਾ ਸੈਂਟਰ ਉਪਲੱਬਧ ਕਰਾਉਣ ਲਈ ਵੀ ਦਾਇਰ ਕੀਤੀ ਗਈ ਸੀ|
ਸੁਪਰੀਮ ਕੋਰਟ ਨੇ ਨਵੀਆਂ ਪਟੀਸ਼ਨਾਂ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਹੁਣ ਸਭ ਕੁਝ ਹੋ ਚੁੱਕਾ ਹੈ| ਇੱਥੋਂ ਤੱਕ ਕਿ ਸਮੀਖਿਆ ਪਟੀਸ਼ਨ ਵੀ ਖਾਰਜ ਕੀਤੀ ਜਾ ਚੁੱਕੀ ਹੈ| ਨੀਟ ਪ੍ਰੀਖਿਆ 2020 ਦਾ ਆਯੋਜਨ 13 ਸਤੰਬਰ ਨੂੰ ਕੀਤਾ ਜਾਣਾ ਹੈ| ਇਸ ਪ੍ਰੀਖਿਆ ਲਈ 15 ਲੱਖ ਉਮੀਦਵਾਰਾਂ ਨੇ ਬੇਨਤੀ ਕੀਤੀ ਹੈ|