ਵਾਸ਼ਿੰਗਟਨ – ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਨੂੰ ਅਮਰੀਕਾ-ਮੈਕਸਿਕੋ ਸਰਹੱਦ ਦਾ ਦੌਰਾ ਕਰੇਗੀ। ਪਰਵਾਸ ਵਿਚ ਹੋ ਰਹੇ ਭਾਰੀ ਵਾਧੇ ਨਾਲ ਨਜਿੱਠਣ ਦੀਆਂ ਬਾਇਡਨ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਵਿਚ ਮੁੱਖ ਭੂਮਿਕਾ ਹੋਣ ਦੇ ਬਾਵਜੂਦ ਅਜੇ ਤੱਕ ਇਸ ਸਬੰਧੀ ਕੁਝ ਨਾ ਕਰਨ ਕਰ ਕੇ ਦੋਵੇਂ ਪਾਰਟੀਆਂ ਦੇ ਮੈਂਬਰਾਂ ਨੇ ਹੈਰਿਸ ਦੀ ਆਲੋਚਨਾ ਕੀਤੀ ਸੀ। ਉਪਰੰਤ ਉਨ੍ਹਾਂ ਵੱਲੋਂ ਇਹ ਦੌਰਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕਮਲਾ ਹੈਰਿਸ ਦੇ ਸੀਨੀਅਰ ਸਲਾਹਕਾਰ ਸਿਮੋਨ ਸੈਂਡਰਜ਼ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਹੈਰਿਸ ਵੱਲੋਂ ਐਲ ਪਾਸੋ ਖੇਤਰ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਐਲੇਜਾਂਦਰੋ ਮੇਅਰਕਾਸ ਵੀ ਹੋਣਗੇ। ਸਰਹੱਦੀ ਖੇਤਰ ਦਾ ਦੌਰਾ ਨਾ ਕਰਨ ਕਰ ਕੇ ਹੈਰਿਸ ਨੂੰ ਰਿਪਬਲਿਕਨਾਂ ਦੀ ਆਲੋਚਨਾ ਝੱਲਣੀ ਪਈ ਸੀ ਅਤੇ ਇੱਥੋਂ ਤੱਕ ਕਿ ਉਸ ਦੀ ਖ਼ੁਦ ਦੀ ਪਾਰਟੀ ਵੀ ਉਸ ਤੋਂ ਨਾਰਾਜ਼ ਸੀ।