ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿੱਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿੱਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਸੀਨੀਅਰ ਕਮਾਂਡਰ ਸਮੇਤ ਤਿੰਨ ਅੱਤਵਾਦੀ ਮਾਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆਂ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਜੰਮੂ ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਮੁਹਿੰਮ ਸਮੂਹ, ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲੀਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਨੇ ਸੰਯੁਕਤ ਰੂਪ ਨਾਲ ਸੋਪੋਰ ਦੇ ਗੁੰਡ ਬ੍ਰਾਥ ਵਿੱਚ ਬੀਤੀ ਦੇਰ ਰਾਤ ਤਲਾਸ਼ ਅਤੇ ਘੇਰਾਬੰਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਸੁਰੱਖਿਆ ਫ਼ੋਰਸ ਦੇ ਜਵਾਨ ਇਕ ਵਿਸ਼ੇਸ਼ ਖੇਤਰ ਵੱਲ ਵੱਧ ਰਹੇ ਸਨ ਉਦੋਂ ਉੱਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਦਾ ਪੂਰਾ ਮੌਕਾ ਦੇਣ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਤਿੰਨੋਂ ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮਾਰੇ ਗਏ ਤਿੰਨੋਂ ਅੱਤਵਾਦੀਆਂ ਵਿੱਚੋਂ 2 ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਮੁਦਾਸਿਰ ਪੰਡਤ ਅਤੇ ਅਸਰਾਰ ਉਰਫ਼ ਅਬਦੁੱਲਾ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਦਾਸਿਰ ਪੰਡਤ ਹਾਲ ਹੀ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ, 2 ਕੌਂਸਲਰਾਂ ਅਤੇ ਕਈ ਨਾਗਰਿਕਾਂ ਦੇ ਕਤਲ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਲਸ਼ਕਰ ਕਮਾਂਡਰ ਇਲਾਕੇ ਵਿੱਚ ਅੱਤਵਾਦ ਦੀਆਂ ਹੋਰ ਘਟਨਾਵਾਂ ਵਿੱਚ ਵੀ ਸ਼ਾਮਲ ਸੀ।ਉਨ੍ਹਾਂ ਦੱਸਿਆ ਕਿ ਅਬਦੁੱਲਾ ਪਾਕਿਸਤਾਨ ਦਾ ਨਾਗਰਿਕ ਹੈ ਅਤੇ ਉਹ 2018 ਤੋਂ ਉੱਤਰੀ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸਰਗਰਮ ਸੀ। ਉਨ੍ਹਾਂ ਕਿਹਾ ਕਿ ਲਸ਼ਕਰ ਕਮਾਂਡਰ ਮੁਦਾਸਿਰ ਦਾ ਮਾਰਿਆ ਜਾਣਾ ਸਥਾਨਕ ਲੋਕਾਂ ਲਈ ਵੱਡੀ ਰਾਹਤ ਦੀ ਗੱਲ ਹੈ।ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਤਿੰਨ ਏ.ਕੇ. ਰਾਈਫ਼ਲ ਅਤੇ ਯੁੱਧ ਦੀ ਹੋਰ ਸਮੱਗਰੀ ਬਰਾਮਦ ਹੋਈ ਹੈ।