ਸਮੁੱਚੇ ਭਾਰਤ ਵਿੱਚੋਂ ਚੁਣੇ ਗਏ ਦੋਵੇਂ ਅਧਿਆਪਕ ਪੰਜਾਬ ਨਾਲ ਸਬੰਧਿਤ
ਚੰਡੀਗੜ੍ਹ – ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦੋ ਅਧਿਆਪਕਾਂ ਦੀ ਚੋਣ ਆਨਲਾਈਨ ਮਲੇਸ਼ੀਅਨ ਟੈਕਨੀਕਲ ਕੋਆਪਰੇਸ਼ਨ ਪ੍ਰੋਗਰਾਮ ਫਾਰ ‘ਡਿਜ਼ੀਟਲ ਟੂਲਜ਼ ਟੂ ਡਿਵੈੱਲਪ ਬੇਸਿਕ ਇੰਗਲਿਸ਼ ਲੈਂਗੂਏਜ਼ ਪ੍ਰਾਫ਼ੀਸ਼ਿਐਂਸੀ’ ਲਈ ਹੋਈ ਹੈ। ਇਹ ਪ੍ਰੋਗਰਾਮ ਮਲੇਸ਼ੀਆ ਸਰਕਾਰ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਬੰਧਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਅੰਤਰਰਾਸ਼ਟਰੀ ਮੰਚ ਲਈ ਸਰਕਾਰੀ ਸਕੂਲਾਂ ਨਾਲ ਸਬੰਧਿਤ ਅਧਿਆਪਕਾਂ ਦੀ ਚੋਣ ਸਿੱਖਿਆ ਵਿਭਾਗ ਲਈ ਬਹੁਤ ਮਾਣ ਵਾਲੀ ਗੱਲ ਹੈ। ਪੰਜਾਬ ਦੀ ਇੱਕ ਵਿਲੱਖਣ ਪ੍ਰਾਪਤੀ ਹੈ ਕਿਉਕਿ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਪੂਰੇ ਭਾਰਤ ਵਿੱਚੋਂ ਚੁਣੇ ਗਏ ਦੋਵੇਂ ਅਧਿਆਪਕ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਹੀ ਸਬੰਧਿਤ ਹਨ।ਗੌਰਤਲਬ ਹੈ ਕਿ ਮਲੇਸ਼ੀਆ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਤੋਂ ਇਸ ਸਿਖਲਾਈ ਪ੍ਰੋਗਰਾਮ ਲਈ ਯੋਗ ਉਮੀਦਵਾਰਾਂ ਤੋਂ ਤਕਰੀਬਨ ਡੇਢ ਮਹੀਨਾ ਪਹਿਲਾਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੁਆਰਾ ਆਰਥਿਕ ਮਾਮਲੇ ਵਿਭਾਗ ਅਧੀਨ ਇੱਕ ਪੱਤਰ ਜਾਰੀ ਕਰਕੇ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਇਸ ਸਬੰਧੀ ਆਪਣੇ ਯੋਗ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਰਜ ਕਰਵਾਉਣ ਲਈ ਕਿਹਾ ਗਿਆ ਸੀ। ਮਲੇਸ਼ੀਆ ਸਰਕਾਰ ਵੱਲੋਂ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਵੱਖ-ਵੱਖ ਦੇਸ਼ਾਂ ਵਿੱਚੋਂ 15 ਯੋਗ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਇਹ ਟ੍ਰੇਨਿੰਗ ਦੋ ਗੇੜਾਂ ਕ੍ਰਮਵਾਰ 21 ਜੂਨ ਤੋਂ 28 ਜੂਨ ਅਤੇ 28 ਜੂਨ ਤੋਂ 2 ਜੁਲਾਈ ਤੱਕ ਦਿੱਤੀ ਜਾ ਰਹੀ ਹੈ। ਪੰਜਾਬ ਵੱਲੋਂ ਛੇ ਯੋਗ ਅਧਿਆਪਕਾਂ ਦੀਆਂ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ ਜਿਹਨਾਂ ਵਿੱਚੋਂ ਪੰਜਾਬ ਦੇ ਦੋ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਮਜ਼ਦਗੀ ਤੋਂ ਬਾਅਦ ਸਬੰਧਿਤ ਅਧਿਆਪਕਾਂ ਦਾ ਆਨਲਾਈਨ ਪ੍ਰੀ-ਇਮਤਿਹਾਨ ਵੀ ਲਿਆ ਗਿਆ ਸੀ। ਇਹਨਾਂ ਅਧਿਆਪਕਾਂ ਵਿੱਚ ਅੰਗਰੇਜ਼ੀ, ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂਵਾਲੀ (ਜਲੰਧਰ) ਸ੍ਰੀ ਰੋਹਿਤ ਕੁਮਾਰ ਸੈਣੀ ਅਤੇ ਅੰਗਰੇਜ਼ੀ ਲੈਕਚਰਾਰ, ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ (ਲੁਧਿਆਣਾ) ਸ੍ਰੀ ਸ਼ਕਤੀ ਕੁਮਾਰ ਸ਼ਾਮਲ ਹਨ।ਇਹ ਅਧਿਆਪਕ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਮਲੇਸ਼ੀਆ ਸਰਕਾਰ ਵੱਲੋਂ ਆਯੋਜਿਤ ਵਰਚੂਅਲ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਚੁਣੇ ਗਏ ਕੁੱਲ 15 ਉਮੀਦਵਾਰਾਂ ਵਿੱਚੋਂ ਭਾਰਤ ਦੇ 2, ਸੁਡਾਨ ਦੇ 10, ਥਾਈਲੈਂਡ, ਫਿਲੀਪੀਨੀਜ਼ ਅਤੇ ਯੁਕਰੇਨ ਤੋਂ ਕ੍ਰਮਵਾਰ ਇੱਕ-ਇੱਕ ਉਮੀਦਵਾਰ ਸ਼ਾਮਿਲ ਹੈ।ਇਸ ਸਬੰਧੀ ਕਿ੍ਰਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਨੇ ਵੀ ਸਬੰਧਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਸਿਖਲਾਈ ਵਰਕਸ਼ਾਪਾਂ ਅਧਿਆਪਕਾਂ ਨੂੰ ਆਪਣੇ ਪੜ੍ਹਾਉਣ ਵਿਸ਼ੇ ਵਿੱਚ ਮੁਹਾਰਤਾ ਪ੍ਰਦਾਨ ਕਰਨ ਤੋਂ ਇਲਾਵਾ ਸਮੇਂ ਦੇ ਹਾਣ ਦਾ ਵੀ ਬਣਾਉਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਅਧਿਆਪਕਾਂ ਦੀ ਯੋਗਤਾ ਅਤੇ ਸਮਰੱਥਾ ’ਤੇ ਪੂਰਨ ਵਿਸ਼ਵਾਸ ਹੈ। ਉਹਨਾਂ ਸਮੂਹ ਅਧਿਆਪਕਾਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਆ।