ਸਿੰਗਾਪੁਰ – ਸਿੰਗਾਪੁਰ ਦੇ ਅਧਿਕਾਰੀਆਂ ਨੇ ਹਵਾਬਾਜ਼ੀ ਕੰਪਨੀਆਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਦੇਸ਼ ਵਿੱਚ ਆਉਣ ਵਾਲੇ ਯਾਤਰੀ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਕੋਰੋਨਾ ਵਾਇਰਸ ਜਾਂਚ ਦੀ ਵੈਧ ਰਿਪੋਰਟ ਦਿਖਾਉਣ। ਇਹ ਨਿਯਮ ਸਿੰਗਾਪੁਰ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਤੇ ਵੀ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਸਿਰਫ਼ ਲੰਬੇ ਸਮੇਂ ਦੇ ਪਾਸ ਹੋਲਡਰਾਂ ਅਤੇ ਘੱਟ ਸਮੇਂ ਲਈ ਆਉਣ ਵਾਲੇ ਸੈਲਾਨੀਆਂ ਨੂੰ ਕੋਵਿਡ-19 ਪਾਲੀਮਰੇਜ ਚੇਨ ਰਿਐਕਸ਼ਨ (ਪੀ.ਸੀ.ਆਰ.) ਜਾਂਚ ਰਿਪੋਰਟ ਦੇਣ ਦੀ ਜ਼ਰੂਰਤ ਸੀ, ਜਿਸ ਵਿੱਚ ਉਨ੍ਹਾਂ ਦੇ ਇੰਫੈਕਟਡ ਨਾ ਹੋਣ ਦੀ ਪੁਸ਼ਟੀ ਹੋਵੇ।ਇਨ੍ਹਾਂ ਨਵੇਂ ਨਿਰਦੇਸ਼ਾਂ ਤੋਂ ਪਹਿਲਾਂ ਸਿਹਤ ਮੰਤਰਾਲਾ ਨੇ ਐਲਾਨ ਕੀਤਾ ਸੀ ਕਿ ਸਿੰਗਾਪੁਰ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਹੁਣ ਦੇਸ਼ ਵਿੱਚ ਆਉਣ ਵਾਲੀਆਂ ਉਡਾਣਾਂ ਦੀ ਰਵਾਨਗੀ ਤੋਂ 72 ਘੰਟੇ ਪਹਿਲਾਂ ਕਰਾਈ ਗਈ ਜਾਂਚ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ। ਸਿੰਗਾਪੁਰ ਦੇ ਸਿਵਲ ਹਵਾਬਾਜ਼ੀ ਅਥਾਰਟੀ ਦੇ ਸੁਰੱਖਿਆ ਡਾਇਰੈਕਟਰ ਮਾਰਗਰੇਟ ਟੈਨ ਨੇ ਕਿਹਾ ਕਿ ਹਵਾਬਾਜ਼ੀ ਕੰਪਨੀਆਂ ਨੂੰ ਸਿੰਗਾਪੁਰ ਆਉਣ ਵਾਲੀ ਉਡਾਣ ਵਿੱਚ ਸਵਾਰ ਹੋਣ ਦੀ ਕਿਸੇ ਵੀ ਅਜਿਹੇ ਯਾਤਰੀ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ, ਜੋ ਜ਼ਰੂਰੀ ਪੀ.ਸੀ.ਆਰ. ਜਾਂਚ ਦੀ ਰਿਪੋਰਟ ਨਾ ਦਿਖਾਏ ਜਾਂ ਪੀ.ਸੀ.ਆਰ. ਜਾਂਚ ਦੀ ਰਿਪੋਰਟ ਪਾਜ਼ੇਟਿਵ ਹੋਵੇ। ਉਨ੍ਹਾਂ ਕਿਹਾ ਕਿ ਇਹ ਪੀ.ਸੀ.ਆਰ. ਪ੍ਰਮਾਣ ਪੱਤਰ ਸਿੰਗਾਪੁਰ ਸਿਹਤ ਮੰਤਰਾਲਾ ਵੱਲੋਂ ਨਿਰਧਾਰਤ ਅੰਤਰਰਾਸ਼ਟਰੀ ਰੂਪ ਨਾਲ ਮਨਜ਼ੂਰਸ਼ੁਦਾ ਜਾਂ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ, ਕਲੀਨਿਕ ਜਾਂ ਹਸਪਤਾਲ ਤੋਂ ਜਾਰੀ ਹੋਣਾ ਚਾਹੀਦਾ ਹੈ।ਇੱਥੇ ਚਾਂਗੀ ਹਵਾਈਅੱਡੇ ਤੱਕ ਉਡਾਣ ਸੇਵਾਵਾਂ ਦੇਣ ਵਾਲੀਆਂ ਸਾਰੀਆਂ ਹਵਾਬਾਜ਼ੀ ਕੰਪਨੀਆਂ ਨੂੰ ਨਵੇਂ ਨਿਯਮ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਮੰਤਰਾਲਾ ਨੇ ਕਿਹਾ ਕਿ ਜੋ ਸਥਾਈ ਵਸਨੀਕ ਅਤੇ ਲੰਬੇ ਸਮੇਂ ਦੇ ਪਾਸ ਧਾਰਕ ਇਸ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਦੇ ਪਰਮਿਟ ਜਾਂ ਪਾਸ ਵੀ ਰੱਦ ਕੀਤੇ ਜਾ ਸਕਦੇ ਹਨ। ਇਮੀਗ੍ਰੇਸ਼ਨ ਐਂਡ ਚੈਕ ਪੁਆਇੰਟ ਅਥਾਰਟੀ (ਆਈ.ਸੀ.ਏ.) ਦੀ ਸੇਫ ਟਰੈਵਲ ਵੈਬਸਾਈਟ ਮੁਤਾਬਕ, ਜਹਾਜ਼ ਜਾਂ ਕਿਸ਼ਤੀ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਿੰਗਾਪੁਰ ਵਿੱਚ ਆਉਣ ਤੇ ਹਵਾਈ ਜਾਂ ਸਮੁੰਦਰੀ ਜਾਂਚ ਕੇਂਦਰਾਂ ਤੇ ਜਾਂਚ ਨਤੀਜੇ ਪੇਸ਼ ਕਰਨਗੇ।ਇਸ ਦੌਰਾਨ ਸਿੰਗਾਪੁਰ ਏਅਰਲਾਇੰਸ ਨੇ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੇ ਸੇਵਾ ਏਜੰਟਾਂ ਨੂੰ ਵੈਧ ਨੈਗੇਟਿਵ ਜਾਂਚ ਪ੍ਰਮਾਣ ਪੱਤਰ ਦਿਖਾਉਣਾ ਹੋਵੇਗਾ। ਖ਼ਬਰ ਵਿਚ ਹਵਾਬਾਜ਼ੀ ਕੰਪਨੀ ਨੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਗਿਆ ਕਿ ਜੋ ਯਾਤਰੀ ਵੈਧ ਪ੍ਰਮਾਣ ਪੱਤਰ ਨਹੀਂ ਦਿਖਾ ਪਾਉਣਗੇ ਉਨ੍ਹਾਂ ਨੂੰ ਜਹਾਜ਼ ਵਿਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਹਾਲਾਂਕਿ ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਜੋ ਸਮੇਂ ਤੇ ਕੋਵਿਡ-19 ਜਾਂਚ ਨਹੀਂ ਕਰਵਾ ਪਾਉਣਗੇ ਉਨ੍ਹਾਂ ਨੂੰ ਬਿਨਾਂ ਕਿਸੇ ਜੁਰਮਾਨੇ ਦੇ ਦੂਜੀ ਉਡਾਣ ਲਈ ਬੁਕਿੰਗ ਕਰਨ ਦੀ ਇਜਾਜ਼ਤ ਹੋਵੇਗੀ।