ਕੈਥਲ – ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪੂੰਡਰੀ ਵਿੱਚ ਤਲਾਬ ਵਿੱਚ ਖੇਡ-ਖੇਡ ਵਿੱਚ ਦੋ ਬੱਚਿਆਂ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਦੋਹਾਂ ਬੱਚਿਆਂ ਦੀ ਉਮਰ 11 ਅਤੇ 6 ਸਾਲ ਦੱਸੀ ਜਾ ਰਹੀ ਹੈ।ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ 11 ਸਾਲਾ ਪ੍ਰਿੰਸ ਅਤੇ 6 ਸਾਲਾ ਆਯੁਸ਼ ਸ਼ਾਮ ਦੇ ਸਮੇਂ ਤਲਾਬ ਤੋਂ ਕੁਝ ਹੀ ਦੂਰੀ ਤੇ ਖੇਡ ਰਹੇ ਸਨ। ਪ੍ਰਿੰਸ ਪੁੱਤਰ ਸਿੰਦਰ ਅਤੇ ਆਯੁਸ਼ ਪੁੱਤਰ ਰਾਜੇਸ਼ ਖੇਡਦੇ-ਖੇਡਦੇ ਜਦੋਂ ਤਲਾਬ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਤਲਾਬ ਵਿੱਚ ਮੱਛੀ ਦੇ ਬੱਚੇ ਨੂੰ ਤੈਰਦੇ ਹੋਏ ਦੇਖਿਆ। ਦੋਵਾਂ ਬੱਚਿਆਂ ਨੇ ਮੱਛੀ ਦੇ ਬੱਚੇ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵੇਂ ਬੱਚੇ ਤਲਾਬ ਵਿੱਚ ਉਤਰ ਗਏ। ਮੱਛੀ ਨੂੰ ਫੜਨ ਲਈ ਜਿਵੇਂ ਹੀ ਬੱਚੇ ਤਲਾਬ ਵਿੱਚ ਉਤਰੇ ਤਾਂ ਉੱਥੇ ਪਾਣੀ ਘੱਟ ਸੀ ਪਰ ਉਸ ਤੋਂ ਬਾਅਦ ਉਹ ਕੁਝ ਅੱਗੇ ਤੱਕ ਨਿਕਲ ਗਏ, ਉੱਥੇ ਪਾਣੀ ਡੂੰਘਾ ਸੀ। ਦੋਵੇਂ ਬੱਚੇ ਡੂੰਘੇ ਪਾਣੀ ਵਿੱਚ ਜਾਣ ਕਾਰਨ ਡੁੱਬ ਗਏ।ਇਹ ਦੇਖ ਕੇ ਉਨ੍ਹਾਂ ਦੇ ਪਿੱਛੇ ਚੱਲ ਰਹੇ ਬੱਚੇ ਘਬਰਾ ਗਏ ਅਤੇ ਤਲਾਬ ਵਿੱਚੋਂ ਬਾਹਰ ਨਿਕਲ ਕੇ ਰੌਲਾ ਪਾਉਂਦੇ ਹੋਏ ਘਰ ਪੁੱਜੇ। ਜਾਣਕਾਰੀ ਮਿਲਣ ਤੇ ਪਰਿਵਾਰ ਵਾਲੇ ਤਲਾਬ ਵੱਲ ਦੌੜੇ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਤਲਾਬ ਵਿੱਚ ਡੁੱਬੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।