29 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ
ਐਸ ਏ ਐਸ ਨਗਰ, 27 ਅਗਸਤ – ਬਹੁ-ਚਰਚਿਤ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ 2 ਦਿਨ ਦੀ ਰਾਹਤ ਮਿਲ ਗਈ ਹੈ| ਇਸ ਸਬੰਧੀ ਮੁਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਮਾਣਯੋਗ ਰਜਨੀਸ਼ ਗਰਗ ਵੱਲੋਂ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਮਾਮਲੇ ਦੀ ਸੁਣਵਾਈ 29 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ|
ਜਿਕਰਯੋਗ ਹੈ ਕਿ 6 ਮਈ 2020 ਨੂੰ ਦਰਜ ਕੀਤੀ ਗਈ ਐਫ. ਆਈ. ਆਰ ਵਿੱਚ ਸੁਮੇਧ ਸੈਣੀ ਨਾਲ ਮੁਲਜ਼ਮ ਬਣਾਏ ਗਏ ਚੰਡੀਗੜ੍ਹ ਪੁਲੀਸ ਦੇ ਦੋ ਸਾਬਕਾ ਅਧਿਕਾਰੀ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਵਾਅਦਾ ਮੁਆਫ ਗਵਾਹ ਬਣਨ ਤੋਂ ਬਾਅਦ ਅਦਾਲਤ ਵਿੱਚ ਸੁਮੇਧ ਸੈਣੀ ਖ਼ਿਲਾਫ਼ ਬਿਆਨ ਦਰਜ ਕਰਵਾਏ ਸਨ| ਜਿਸਦੇ ਬਾਅਦ ਸਰਕਾਰੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਦੀ ਫਸਟ ਕਲਾਸ ਜੁਂਡੀਸ਼ੀਅਲ ਮੈਜਿਸਟ੍ਰੇਟ ਰਸਵੀਨ ਕੌਰ ਦੀ ਅਦਾਲਤ ਨੇ ਸੈਣੀ ਖ਼ਿਲਾਫ਼ ਦਰਜ ਮਾਮਲੇ ਵਿੱਚ 302 ਦੀ ਧਾਰਾ ਜੋੜਣ ਦੇ ਹੁਕਮ ਦਿੱਤੇ ਸਨ|