ਅਲੀਗੜ੍ਹ – ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਇਕ ਦੁਕਾਨ ਤੋਂ ਖਰੀਦੀ ਗਈ ਨਕਲੀ ਸ਼ਰਾਬ ਪੀਣ ਨਾਲ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਨਾਲ ਬੀਮਾਰ ਹਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਅਲੀਗੜ੍ਹ ਦੇ ਪੁਲੀਸ ਡਿਪਟੀ ਜਨਰਲ ਇੰਸਪੈਕਟਰ (ਡੀ.ਆਈ.ਜੀ.) ਦੀਪਕ ਕੁਮਾਰ ਨੇ ਦੱਸਿਆ ਕਿ ਸਵੇਰੇ ਲੋਢਾ ਥਾਣਾ ਪੁਲੀਸ ਨੂੰ ਸੂਚਨਾ ਮਿਲੀ ਕਿ ਅਲੀਗੜ੍ਹ-ਟੱਪਲ ਹਾਈਵੇਅ ਤੇ ਇੱਥੋਂ ਕਰੀਬ 20 ਕਿਲੋਮੀਟਰ ਦੂਰ ਕਰਸੀਆ ਪਿੰਡ ਵਿੱਚ ਇਕ ਠੇਕੇ ਤੋਂ ਦੇਸੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਟਰੱਕ ਚਾਲਕਾਂ ਦੇ ਰੂਪ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਚਾਲਕ ਅਲੀਗੜ੍ਹ-ਟੱਪਲ ਸਟੇਟ ਹਾਈਵੇਅ ਤੇ ਸਥਿਤ ਇਕ ਗੈਸ ਡਿਪੋ ਵਿੱਚ ਕੰਮ ਦੇ ਸਿਲਸਿਲੇ ਵਿੱਚ ਆਏ ਸਨ। ਜਦੋਂ ਤੱਕ ਪੁਲੀਸ ਅਤੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ, ਉਦੋਂ ਤੱਕ ਸੂਚਨਾ ਮਿਲੀ ਕਿ ਕਰਸੀਆ ਅਤੇ ਨੇੜੇ-ਤੇੜੇ ਦੇ ਕੁਝ ਹੋਰ ਪਿੰਡਾਂ ਵਿੱਚ 6 ਹੋਰ ਵਿਅਕਤੀਆਂ ਨੇ ਵੀ ਸ਼ਰਾਬ ਦੀ ਲਪੇਟ ਵਿੱਚ ਆ ਕੇ ਦਮ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਨੂੰ ਇਲਾਕੇ ਵਿੱਚ ਭੇਜਿਆ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਡੀ. ਸ਼ਰਮਾ ਨੇ ਦੱਸਿਆ ਕਿ ਗੰਭੀਰ ਹਾਲਤ ਵਿੱਚ 5 ਪਿੰਡ ਵਾਸੀਆਂ ਨੂੰ ਦੀਨਦਿਆਲ ਉਪਾਧਿਆਏ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸੰਬੰਧਤ ਸ਼ਰਾਬ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪ੍ਰੀਖਣ ਲਈ ਨਮੂਨੇ ਇਕੱਠੇ ਕੀਤੇ ਗਏ ਹਨ। ਸਥਾਨਕ ਵਾਸੀਆਂ ਅਨੁਸਾਰ ਬੀਤੀ ਸ਼ਾਮ ਕੁਝ ਪਿੰਡ ਵਾਸੀਆਂ ਦੇ ਬੀਮਾਰ ਹੋਣ ਦੀ ਜਾਣਕਾਰੀ ਮਿਲੀ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਨੇੜੇ-ਤੇੜੇ ਦੇ ਪਿੰਡਾਂ ਦੇ ਕਈ ਲੋਕਾਂ ਨੇ ਵੀ ਸ਼ਰਾਬ ਦਾ ਸੇਵਨ ਕੀਤਾ ਸੀ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਲੇ ਸਪੱਸ਼ਟ ਨਹੀਂ ਹੈ।