ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਮੱਦੇਨਜ਼ਰ ਅਕੈਡਮੀ ਵੱਲੋਂ ਅਧਿਆਪਕਾਂ ਨੂੰ ਵੀ ਦਿੱਤੀ ਗਈ ਆਨਲਾਈਨ ਟ੍ਰੇਨਿੰਗ
ਜਦੋਂ ਅਕਾਲ ਅਕੈਡਮੀਆਂ ਵਲੋਂ ਇਸ ਨਵੇਂ ਵਰ੍ਹੇ ਦੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਸੀ, ਉਸ ਨਾਲ ਸਕੂਲ ਦੀ ਸਿੱਖਿਆ ਦੀ ਉੱਤਮਤਾ ਲਈ ਬੁਣੇ ਜਾ ਰਹੇ ਸਾਰੇ ਸੁਪਨੇ ਅਤੇ ਯੋਜਨਾਵਾਂ ਨੂੰ ਕੋਵਿਡ-19 ਨਾਮ ਦੇ ਇੱਕ ਅਜਨਬੀ ਤੇ ਮਹਾਂਮਾਰੀ ਕਾਰਣ ਬੰਦ ਕਰ ਦਿੱਤਾ ਗਿਆ ਸੀ।
ਚਾਰੇ ਪਾਸੇ ਅਨਿਸ਼ਚਿਤਤਾ ਸੀ। ਕਿਸੇ ਨੇ ਵੀ ਇਸ ਪ੍ਰਕਾਰ ਦੀ ਕੋਈ ਕਲਪਨਾ ਨਹੀਂ ਕੀਤੀ ਸੀ ਅਤੇ ਨਾ ਹੀ ਕੋਈ ਵੀ ਇਸ ਪ੍ਰਕਾਰ ਦੀ ਸਥਿਤੀ ਲਈ ਤਿਆਰ ਸੀ।
ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਗਵਾਈ ਕਰਨ ਵਾਲੇ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਅਜਿਹੇ ਨਾਜ਼ੁਕ ਹਾਲਾਤਾਂ ਵਿਚ ਸਾਡੇ ਮਾਰਗ-ਦਰਸ਼ਕ ਬਣੇ, ਜਿਨ੍ਹਾਂ ਨੇ ਸਾਨੂੰ ਅਥਾਹ ਬਲ, ਹਿੰਮਤ ਅਤੇ ਉਦੇਸ਼ ਦੀ ਪ੍ਰੇਰਣਾ ਦਿੱਤੀ ਅਤੇ ਹਰੇਕ ਨੇ ਇਸ ਮੁਸ਼ਕਲ ਸਮੇਂ ਨੂੰ ਇਕ ਖਾਸ ਮੌਕੇ ਵਿਚ ਬਦਲਣ ਦਾ ਅਹਿਦ ਲਿਆ।
ਇਨ੍ਹਾਂ ਹਾਲਾਤਾਂ ਵਿੱਚ ਅਗਵਾਈ ਕਰਦੇ ਹੋਏ, ਕਲਗੀਧਰ ਟਰੱਸਟ ਦੇ ਸਕੱਤਰ ਡਾ: ਦਵਿੰਦਰ ਸਿੰਘ ਜੀ ਅਤੇ ਸਿਹਤ ਅਤੇ ਸਿੱਖਿਆ ਦੇ ਸਲਾਹਕਾਰ ਡਾ. ਨੀਲਮ ਕੌਰ ਜੀ ਨੇ ਬੜੀ ਗੰਭੀਰਤਾ ਨਾਲ ਫੈਸਲੇ ਲਏ ਅਤੇ ਸਾਰਿਆਂ ਨੂੰ ਇੱਕ ਟੀਮ ਦੀ ਤਰ੍ਹਾਂ ਇਕੱਠਾ ਕਰਕੇ, ਅਧਿਆਪਕਾਂ ਨੂੰ ਵੱਖੋ ਵੱਖਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਮੌਜੂਦਾ ਮਾਧਿਅਮ ਰਾਹੀਂ ਅਧਿਆਪਕਾਂ ਨੂੰ ਘਰਾਂ ਵਿੱਚ ਬੈਠੇ ਵਿਦਿਆਰਥੀਆਂ ਤੱਕ ਸਿੱਖਿਆ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ।
ਸ਼ੁਰੂਆਤੀ ਦੌਰ ‘ਚ ਅਧਿਆਪਕਾਂ ਨੂੰ ਕਈ ਕਿਸਮ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਾਡੇ ਅਧਿਆਪਕਾਂ ਕੋਲ ਆਨਲਾਈਨ ਸਟੱਡੀ ਕਰਾਉਣ ਦਾ ਕੋਈ ਵੱਡਾ ਤਜਰਬਾ ਜਾਂ ਮੁਹਾਰਤ ਹਾਸਲ ਨਹੀਂ ਸੀ। ਫਿਰ ਜਲਦੀ ਹੀ ਅਧਿਆਪਕਾਂ ਨੂੰ ਆਨਲਾਈਨ ਸਟੱਡੀ ਕਰਵਾਉਣ ਲਈ ‘ਵੈਬੀਨਾਰ’ ਅਤੇ ‘ਜ਼ੂਮ’ ਐਪ ਰਾਹੀਂ ਕਲਾਸਾਂ ਆਯੋਜਿਤ ਕਰਨ ਲਈ ਵੱਖ-ਵੱਖ ਢੰਗ-ਤਰੀਕੇ ਸਿਖਾਏ ਗਏ ਜਿਸ ਨਾਲ ਇਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਰ ਜੁੜ ਗਏ।
ਉਸ ਤੋਂ ਬਾਅਦ 9 ਅਪ੍ਰੈਲ, 2020 ਤੋਂ ਆਨਲਾਈਨ ਟ੍ਰੇਨਿੰਗ ਲਈ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਵੈਬਿਨਾਰ ਜਾਂ ‘ਜ਼ੂਮ’ ‘ਤੇ ਹਰ ਦਿਨ, ਇੱਕ ਕਲਾਸ ਵਿਚ ਕਿਸੇ ਇਕ ਵਿਸ਼ੇ ‘ਤੇ ਪੜ੍ਹਾਇਆ ਜਾਂਦਾ ਹੈ। ਹਰ ਇਕ ਵਿਸ਼ੇ ਤੇ ਕਲਾਸ ਲਈ ਅਧਿਆਪਕਾਂ ਲਈ ਆਨਲਾਈਨ ਸਿਖਲਾਈ ਦਾ ਪ੍ਰਬੰਧ ਕੀਤਾ ਹੈ ਜੋ ਨਿਰੰਤਰ ਚੱਲ ਰਿਹਾ ਹੈ।
ਹੁਣ ਤੱਕ ਅਕਾਲ ਅਕੈਡਮੀਆਂ ਵਿਚ ਅੰਗ੍ਰੇਜ਼ੀ, ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਅਤੇ ਹਿੰਦੀ ਸਿਖਾਉਣ ਵਾਲੇ 3600 ਤੋਂ ਵੱਧ ਅਧਿਆਪਕਾਂ ਨੂੰ ਵੈਬਿਨਾਰ ਅਤੇ ‘ਜ਼ੂਮ’ ਕਲਾਸਾਂ ਦੇ 48 ਸੈਸ਼ਨਾਂ ਰਾਹੀਂ ਸਿਖਲਾਈ ਦਿੱਤੀ ਜਾ ਚੁਕੀ ਹੈ ਜੋ ਕਿ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੀ ਪੜ੍ਹਾਈ ‘ਚ ਸਹਾਈ ਤੇ ਕਾਰਗਰ ਸਿੱਧ ਹੋ ਰਹੀ ਹੈ।