ਫਰੀਦਕੋਟ, 9 ਜੂਨ 2020 – ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਤਹਿਤ ਕਰਫ਼ਿਊ/ਲਾਕਡਾਊਨ ਦੌਰਾਨ ਰਾਜ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਅਤੇ ਹੋਰ ਲੋਕਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿੱਚ ਸੁਰੱਖਿਅਤ ਵਾਪਸ ਭੇਜਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਇਹ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਅਤੇ ਸਮੇਂ ਸਿਰ ਪਹੁੰਚ ਸਕਣ।
ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਜ਼ਿਲ੍ਹੇ ਵਿੱਚ ਵੱਖ ਵੱਖ ਰਾਜਾਂ ਦੇ ਫਸੇ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਵਾਪਸ ਪਹੁੰਚਾਇਆ ਗਿਆ ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੂਜੇ ਰਾਜਾਂ ਦੇ ਪਰਵਾਸੀ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਸਫਰ ਦੌਰਾਨ ਦੋ ਵਕਤ ਦਾ ਵਧੀਆ ਖਾਣਾ ,ਪਾਣੀ ਅਤੇ ਹੋਰ ਖਾਣ-ਪੀਣ ਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆਬਤਾਂ ਜੋ ਉਨ੍ਹਾਂ ਨੂੰ ਸਫਰ ਦੌਰਾਨ ਖਾਣ ਪੀਣ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ।ਇਨ੍ਹਾਂ ਪ੍ਰਵਾਸੀਆਂ ਨੂੰ ਫਰੀਦਕੋਟ ਤੋਂ ਵਿਸ਼ੇਸ਼ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਫਿਰੋਜ਼ਪੁਰ, ਬਠਿੰਡਾ, ਲੁਧਿਆਣਾ ਵਿਖੇ ਭੇਜਿਆ ਗਿਆ।
ਇਸ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿੱਚੋਂ ਕੁੱਲ 2713 ਵਿਅਕਤੀਆਂ ਨੂੰ ਵਿਸ਼ੇਸ਼ ਕਿਰਤੀ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਪਿੱਤਰੀ ਰਾਜਾਂ ਤੱਕ ਵਾਪਸ ਪਹੁੰਚਾਇਆ ਗਿਆ ।ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਪੂਰੇ ਦੇਸ਼ ਵਿੱਚ ਲੱਗੇ ਕਰਫਿਊ/ ਲਾਕਡਾਊਨ ਦੇ ਦੌਰਾਨ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਦੂਜੇ ਪ੍ਰਦੇਸ਼ਾਂ ਦੇ ਲੋਕ ਫਸ ਗਏ ਸਨ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਵਾਪਸ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਉੱਤਰ ਪ੍ਰਦੇਸ਼ ਦੇ 1532 ਲੋਕ ,ਬਿਹਾਰ ਦੇ 943 ਲੋਕ ,ਝਾਰਖੰਡ ਦੇ 142 ਲੋਕ, ,ਮਹਾਰਾਸ਼ਟਰ ਦੇ 13 ਲੋਕ ,ਮੱਧ ਪ੍ਰਦੇਸ਼ ਦੇ 80 ਲੋਕ ,ਜੰਮੂ ਕਸ਼ਮੀਰ ਦੇ ਅਤੇ ਤਾਮਿਲਨਾਡੂ ਦੇ 3 ਵਿਅਕਤੀ ਉਨ੍ਹਾਂ ਦੇ ਰਾਜ ਵਿੱਚ ਸੁਰੱਖਿਅਤ ਵਾਪਸ ਭੇਜੇ ਗਏ । ਰੇਲ ਦੇ ਕਿਰਾਏ ਅਤੇ ਖਾਣੇ ਦਾ ਖਰਚ ਪੰਜਾਬ ਸਰਕਾਰ ਵੱਲੋ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਵਾਪਸ ਜਾਣ ਵਾਲੇ ਇਨ੍ਹਾਂ ਯਾਤਰੀਆਂ ਨੂੰ ਦੋ ਵਕਤ ਦਾ ਵਧੀਆ ਪੈਕਿੰਗ ਖਾਣਾ ,ਪੀਣ ਵਾਲੇ ਪਾਣੀ ਦੀਆਂ ਬੋਤਲਾਂ ਅਤੇ ਬਿਸਕੁਟ ਆਦਿ ਵੀ ਮੁਹੱਈਆ ਕਰਵਾਏ ਗਏ ਤਾਂ ਜੋ ਉਨ੍ਹਾਂ ਨੂੰ ਸਫਰ ਦੌਰਾਨ ਖਾਣ ਪੀਣ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਵਾਪਸ ਜਾਣ ਸਮੇਂ ਅਤੇ ਆਪਣੇ ਰਾਜਾਂ ਵਿੱਚ ਪਹੁੰਚਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਦੇ ਉਨ੍ਹਾਂ ਨੂੰ ਘਰ ਤੱਕ ਸੁਰੱਖਿਅਤ ਪਹੁੰਚਾਉਣ ਦੇ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਕਰੋਨਾ ਦਾ ਪ੍ਰਕੋਪ ਘਟਨ ਉਪਰੰਤ ਮੁੜ ਪੰਜਾਬ ਵਾਪਸ ਆ ਕੇ ਕੰਮ ਸ਼ੁਰੂ ਕਰਨ ਦੀ ਇੱਛਾ ਜਾਹਿਰ ਕੀਤੀ ਹੈ।