ਫਰੀਦਕੋਟ, 9 ਜੂਨ 2020 – ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਭਰ ਵਿੱਚ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਟੀਮਾਂ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਪੱਤਰ ਤੇ ਅਮਲ ਕਰਦਿਆਂ ਜ਼ਿਲੇ ਵਿੱਚ ਜੇਕਰ ਕੋਈ ਵਿਅਕਤੀ ਮਾਸਕ ਨਹੀ ਪਹਿਨੇਗਾ ਤਾਂ ਉਸਨੂੰ 500/-ਰਪਏ, ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਨੂੰ 2000/- ਰੁਪਏ ਅਤੇ ਜਨਤਕ ਸਥਾਨ ਤੇ ਥੁੱਕਣ ਵਾਲੇ ਵਿਅਕਤੀ ਨੂੰ 500/- ਰੁਪਏ ਮੌਕੇ ਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ।
ਡਾ.ਰਜਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਕਾਇਤ ਪ੍ਰਾਪਤ ਹੋਈ ਹੈ ਕਿ ਕੁਝ ਸ਼ਰਾਰਤੀ ਲੋਕ ਕੋਵਿਡ-19 ਤਹਿਤ ਚਲਾਨ ਅਤੇ ਤੰਬਾਕੂ ਉਤਪਾਦਾਂ ਸਬੰਧੀ ਕੋਟਪਾ ਅਧੀਨ ਚਲਾਨ ਦੀ ਆੜ ਵਿੱਚ ਦੁਕਾਨਦਾਰਾਂ ਤੋਂ ਡਰਾ-ਧਮਕਾ ਕੇ ਪੈਸਿਆਂ ਦੀ ਵਸੂਲੀ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਇਸ ਕਿਸਮ ਦੇ ਚਲਾਨ ਕੱਟਣ ਲਈ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਿਹਤ ਵਿਭਾਗ ਦੇ ਸਹਾਇਕ ਸਿਵਲ ਸਰਜਨ,ਸਮੂਹ ਸੀਨੀਅਰ ਮੈਡੀਕਲ ਅਫਸਰ ਸਿਹਤ ਸੰਸਥਾਵਾਂ,ਜ਼ਿਲਾ ਸਿਹਤ ਅਫਸਰ,ਡਰੱਗ ਇੰਸਪੈਕਟਰ,ਫੂਡ ਇੰਸਪੈਕਟਰ,ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ,ਮਾਸ ਮੀਡੀਆ ਅਫਸਰ,ਡਿਪਟੀ ਮਾਸ ਮੀਡੀਆ ਅਫਸਰ,ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਨੂੰ ਕਾਪੀਆਂ ਜਾਰੀ ਕਰਕੇ ਅਧਿਕਾਰਤ ਕੀਤਾ ਗਿਆ ਹੈ।
ਸਿਵਲ ਸਰਜਨ ਨੇ ਕਿਹਾ ਕਿ ਜੇ ਕੋਈ ਵਿਅਕਤੀ ਅਜਿਹੇ ਚਲਾਨ ‘ਤੇ ਪੈਸੇ ਮੰਗਦਾ ਹੈ ਤਾਂ ਉਸਨੂੰ ਚਲਾਨ ਕਾਪੀ ਪ੍ਰਾਪਤ ਕਰਕੇ ਹੀ ਭੁਗਤਾਨ ਕੀਤਾ ਜਾਵੇ ਅਤੇ ਜੇ ਕੋਈ ਵੀ ਵਿਅਕਤੀ ਬਿਨਾਂ ਰਸੀਦ ਤੋਂ ਚਲਾਨ ਦੇ ਨਾਮ ਤੇ ਪੈਸੇ ਵਸੂਲਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਸਿਵਲ ਸਰਜਨ ਦਫਤਰ ਜਾਂ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਤੇ ਅਡਵਾਇਜ਼ਰੀਆਂ ਨੂੰ ਧਿਆਨ ਵਿੱਚ ਰੱਖਣ ਸਬੰਧੀ ਹਦਾਇਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਸਮੇਂ ਸਮੇਂ ਹੱਥ ਧੋਂਦੇ ਰਹਿਣ, ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਹਿਨਣ, ਜਨਤਕ ਥਾਵਾਂ ਤੇ ਬਿਲਕੁਲ ਨਾ ਥੁੱਕਣ।