ਨਵੀਂ ਦਿੱਲੀ – ਦੇਸ਼ ਵਿੱਚ ਇਕ ਦਿਨ ਵਿਚ ਕੋਵਿਡ-19 ਤੋਂ 4329 ਵਿਅਕਤੀਆਂ ਦੀ ਮੌਤ ਤੋਂ ਬਾਅਦ ਇਸ ਮਹਾਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 2,78,719 ਹੋ ਗਈ ਹੈ। ਕੇਂਦਰ ਸਿਹਤ ਮੰਤਰਾਲਾ ਵਲੋਂ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 2,63,533 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2,52,28,996 ਹੋ ਗਈ। ਪਿਛਲੇ 28 ਦਿਨਾਂ ਵਿਚ ਸਾਹਮਣੇ ਆਏ ਇਹ ਸਭ ਤੋਂ ਘੱਟ ਮਾਮਲੇ ਹਨ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ 24 ਘੰਟਿਆਂ ਵਿਚ 2,59,170 ਮਾਮਲੇ ਸਾਹਮਣੇ ਆਏ ਸਨ।ਅੰਕੜਿਆਂ ਮੁਤਾਬਕ ਦੇਸ਼ ਵਿੱਚ ਅਜੇ 33,53,765 ਵਿਅਕਤੀਆਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 13.29 ਫ਼ੀਸਦੀ ਹੈ। ਹੁਣ ਤੱਕ ਕੁੱਲ 2,15,96,512 ਵਿਅਕਤੀ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 85.60 ਫ਼ੀਸਦੀ ਹੈ। ਉੱਥੇ ਹੀ ਕੋਵਿਡ-19 ਨਾਲ ਮੌਤ ਦਰ 1.10 ਫ਼ੀਸਦੀ ਹੈ। 16 ਜਨਵਰੀ 2021 ਤੋਂ ਲੈ ਕੇ ਹੁਣ ਤੱਕ 18,44,53,149 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੁੱਲ 31,82,92,881 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 18,69,223 ਨਮੂਨਿਆਂ ਦੀ ਜਾਂਚ ਬੀਤੇ ਦਿਨ ਕੀਤੀ ਗਈ।ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਨ੍ਹਾਂ 4329 ਹੋਰ ਵਿਅਕਤੀਆਂ ਦੀ ਮੌਤ ਵਾਇਰਸ ਨਾਲ ਹੋਈ, ਉਨ੍ਹਾਂ ਵਿੱਚੋਂ ਮਹਾਰਾਸ਼ਟਰ, ਕਰਨਾਟਕ, ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਪੱਛਮੀ ਬੰਗਾਲ, ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਦੇ ਲੋਕ ਸਨ।