ਮੁੰਬਈ – ਜਲ ਸੈਨਾ ਵੱਲੋਂ ਦੱਸਿਆ ਗਿਆ ਕਿ ਬਹੁਤ ਖਰਾਬ ਮੌਸਮ ਨਾਲ ਜੂਝਦੇ ਹੋਏ ਉਸ ਦੇ ਜਵਾਨਾਂ ਨੇ ਬਜਰਾ ਪੀ-305 (ਸਮੁੰਦਰੀ ਜਹਾਜ਼) ਤੇ ਸਵਾਰ 273 ਵਿਅਕਤੀਆਂ ਵਿੱਚੋਂ ਹੁਣ ਤੱਕ 184 ਨੂੰ ਬਚਾਅ ਲਿਆ ਹੈ। ਜਲ ਸੈਨਾ ਮੁਤਾਬਕ ਦੋ ਹੋਰ ਬਜਰਿਆਂ ਅਤੇ ਇਕ ਆਇਲ ਰਿੰਗ ਤੇ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਇਹ ਬਜਰੇ ਚੱਕਰਵਾਤ ਤੂਫਾਨ ਤੌਕਤੇ ਦੇ ਗੁਜਰਾਤ ਤੱਟ ਨਾਲ ਟਕਰਾਉਣ ਦੇ ਕੁਝ ਹੀ ਘੰਟੇ ਪਹਿਲਾਂ ਮੁੰਬਈ ਨੇੜੇ ਅਰਬ ਸਾਗਰ ਵਿਚ ਫਸ ਗਏ ਸਨ।ਉਧਰ ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰ ਤੱਕ, ਪੀ-305 ਤੇ ਮੌਜੂਦ 184 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ। ਆਈ. ਐੱਨ. ਐੱਸ. ਕੋਚੀ ਅਤੇ ਆਈ. ਐੱਨ. ਐੱਸ. ਕੋਲਕਾਤਾ ਇਨ੍ਹਾਂ ਲੋਕਾਂ ਨੂੰ ਲੈ ਕੇ ਮੁੰਬਈ ਬੰਦਰਗਾਹ ਪਰਤੇ। ਬੁਲਾਰੇ ਨੇ ਕਿਹਾ ਕਿ ਆਈ. ਐੱਨ. ਐੱਸ. ਤੇਗ, ਆਈ. ਐੱਨ. ਐੱਸ. ਬੇਤਵਾ, ਆਈ. ਐੱਨ. ਐੱਸ. ਬਿਆਸ, ਪੀ-81 ਜਹਾਜ਼ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਹੈ। ਜਲ ਸੈਨਾ ਅਤੇ ਤੱਟ ਰੱਖਿਅਕ ਬਲ ਨੇ ਬਜਰੇ ਜੀ. ਏ. ਐੱਲ. ਕਨਸਟ੍ਰਕਟਰ ਵਿੱਚ ਮੌਜੂਦ 137 ਵਿਅਕਤੀਆਂ ਨੂੰ ਬੀਤੇ ਦਿਨ ਤੱਕ ਬਚਾਅ ਲਿਆ ਸੀ।ਅਧਿਕਾਰੀਆਂ ਨੇ ਦੱਸਿਆ ਕਿ ਬਜਰੇ ਐੱਸ. ਐੱਸ-3 ਤੇ ਮੌਜੂਦ 196 ਵਿਅਕਤੀ ਅਤੇ ਆਇਲ ਰਿੰਗ ਸਾਗਰ ਭੂਸ਼ਣ ਤੇ ਮੌਜੂਦ 101 ਵਿਅਕਤੀ ਸੁਰੱਖਿਅਤ ਹਨ। ਓ. ਐੱਨ. ਜੀ. ਸੀ. ਅਤੇ ਐੱਸ. ਸੀ. ਆਈ. ਦੇ ਜਹਾਜ਼ਾਂ ਜ਼ਰੀਏ ਲੋਕਾਂ ਨੂੰ ਸੁਰੱਖਿਅਤ ਲਿਜਾਇਆ ਜਾ ਰਿਹਾ ਹੈ।ਬਚਾਅ ਅਤੇ ਰਾਹਤ ਕੰਮਾਂ ਵਿੱਚ ਮਦਦ ਲਈ ਖੇਤਰ ਵਿਚ ਆਈ. ਐੱਨ. ਐੱਸ. ਤਲਵਾਰ ਵੀ ਤਾਇਨਾਤ ਹੈ। ਜਲ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ 707 ਵਿਅਕਤੀਆਂ ਨੂੰ ਲੈ ਕੇ ਜਾ ਰਹੇ ਤਿੰਨ ਬਜਰੇ ਅਤੇ ਇਕ ਆਇਲ ਰਿੰਗ ਸਮੁੰਦਰ ਵਿੱਚ ਫਸ ਗਏ ਸਨ। ਇਨ੍ਹਾਂ ਵਿੱਚ 273 ਵਿਅਕਤੀਆਂ ਨੂੰ ਲੈ ਜਾ ਰਿਹਾ ਪੀ-305 ਬਜਰਾ, 137 ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਜੀ. ਏ. ਐਲ. ਕਨਸਟ੍ਰਕਟਰ ਅਤੇ ਐੱਸ.ਐੱਸ.-3 ਬਜਰਾ ਸ਼ਾਮਲ ਹਨ, ਜਿਨ੍ਹਾਂ ਵਿੱਚ 196 ਵਿਅਕਤੀ ਮੌਜੂਦ ਸਨ। ਨਾਲ ਹੀ ਸਾਗਰ ਭੂਸ਼ਣ ਆਇਲ ਰਿੰਗ ਵੀ ਸਮੁੰਦਰ ਵਿਚ ਫਸ ਗਿਆ ਸੀ, ਜਿਸ ਵਿੱਚ 101 ਵਿਅਕਤੀ ਮੌਜੂਦ ਸਨ। ਜਲ ਸੈਨਾ ਦੇ ਉਪ ਮੁਖੀ ਵਾਇਰਸ ਐਡਮਿਰਲ ਮੁਰਲੀਧਰ ਸਦਾਸ਼ਿਵ ਪਵਾਰ ਨੇ ਕਿਹਾ ਕਿ ਇਹ ਬੀਤੇ 4 ਦਹਾਕਿਆਂ ਵਿੱਚ ਸਭ ਤੋਂ ਵੱਧ ਚੁਣੌਤੀਪੂਰਨ ਤਲਾਸ਼ ਅਤੇ ਬਚਾਅ ਮੁਹਿੰਮ ਹੈ।