ਫਿਰੋਜ਼ਪੁਰ, 9 ਜੂਨ 2020 : ਕੋਰੋਨਾ ਮਹਾਂਮਾਰੀ ਤੋਂ ਮੁਕਤੀ ਲਈ ਸਿਰਤੋੜ ਯਤਨ ਕਰ ਰਹੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਹੁਣ ਨਾਮੁਰਾਦ ਬਿਮਾਰੀ ਡੇਂਗੂ ਨੇ ਦਸਤਕ ਦੇ ਦਿੱਤੀ ਹੈ। ਕੋਰੋਨਾ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਇਕ ਮਹਿਲਾ ਮਰੀਜ਼ ਦੀ ਡੇਂਗੂ ਰਿਪੋਰਟ ਪਾਜ਼ੀਟਿਵ ਆਉਣ ਨਾਲ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਡੇਂਗੂ ਮਰੀਜ਼ ਨਜ਼ਦੀਕੀ ਪਿੰਡ ਰੱਜੀ ਵਾਲਾ ਦੀ ਰਹਿਣ ਵਾਲੀ ਮਹਿਲਾ ਦੱਸੀ ਗਈ ਹੈ। ਜ਼ਿਲ੍ਹਾ ਐਪੀਡਿਮਾਲੋਜਿਸਟ ਡਾਕਟਰ ਮੀਨਾਕਸ਼ੀ ਢੀਂਗਰਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਫ਼ਰੀਦਕੋਟ ਮੈਡੀਕਲ ਕਾਲਜ ਤੋਂ ਸੂਚਨਾ ਪ੍ਰਾਪਤ ਹੋਈ ਹੈ, ਜਿਸ ਦੀ ਵਿਸਥਾਰਤ ਜਾਣਕਾਰੀ ਲਈ ਸਿਹਤ ਵਿਭਾਗ ਦੀ ਟੀਮ ਫ਼ਰੀਦਕੋਟ ਭੇਜ ਦਿੱਤੀ ਗਈ ਹੈ।