ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੈਕਸੀਨ ਦੀ ਕਿੱਲਤ ਵੱਧਦੀ ਜਾ ਰਹੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਨੇ ਦਿੱਲੀ ਵਿਚ ਕੋਵੈਕਸੀਨ ਦੀ ਸਪਲਾਈ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਨਤੀਜਨ ਹੁਣ 17 ਸਕੂਲਾਂ ਵਿੱਚ ਬਣਾਏ ਗਏ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ, ਜਿੱਥੇ ਕੋਵੈਕਸੀਨ ਦਾ ਟੀਕਾ ਲਾਇਆ ਜਾ ਰਿਹਾ ਸੀ।ੳਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਨੇ ਦਿੱਲੀ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਨੂੰ ਕੋਵੈਕਸੀਨ ਦੀਆਂ ਵਾਧੂ ਖ਼ੁਰਾਕਾਂ ਨਹੀਂ ਦੇ ਸਕਦਾ। ਕੋਵੈਕਸੀਨ ਦੇ ਨਿਰਮਾਤਾ ਨੇ ਇਕ ਪੱਤਰ ਵਿਚ ਕਿਹਾ ਕਿ ਉਹ ਦਿੱਲੀ ਸਰਕਾਰ ਨੂੰ ਸਬੰਧਤ ਸਰਕਾਰੀ ਅਧਿਕਾਰੀ ਦੇ ਨਿਰਦੇਸ਼ ਤਹਿਤ ਖ਼ੁਰਾਕਾਂ ਉਪਲੱਬਧ ਨਹੀਂ ਕਰਵਾ ਸਕਦਾ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਟੀਕੇ ਦੀ ਸਪਲਾਈ ਨੂੰ ਕੰਟਰੋਲ ਕਰ ਰਹੀ ਹੈ। ਪੱਤਰ ਤੋਂ ਸਾਫ਼ ਹੈ ਕਿ ਕੇਂਦਰ ਹੀ ਇਹ ਫ਼ੈਸਲਾ ਕਰਦੀ ਹੈ ਕਿ ਕਿਸ ਸੂਬੇ ਨੂੰ ਟੀਕੇ ਦੀ ਕਿੰਨੀ ਖ਼ੁਰਾਕ ਮਿਲੇਗੀ।ਉਨ੍ਹਾਂ ਕਿਹਾ ਕਿ ਕੇਂਦਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਥਿਤੀ ਦੀ ਗੰਭੀਰਤਾ ਨੂੰ ਸਮਝਿਦਿਆਂ ਟੀਕਿਆਂ ਦਾ ਨਿਰਯਾਤ ਬੰਦ ਕਰੇ ਅਤੇ ਟੀਕੇ ਦਾ ਫਾਰਮੂਲਾ ਹੋਰ ਕੰਪਨੀਆਂ ਨਾਲ ਵੀ ਸਾਂਝਾ ਕਰੇ। ਉਨ੍ਹਾਂ ਕਿਹਾ ਕਿ ਵੈਕਸੀਨ ਉਪਲੱਬਧ ਨਹੀਂ ਕਰਵਾਈ ਗਈ ਤਾਂ ਤੀਜੀ ਲਹਿਰ ਵਿਚ ਵੀ ਲੋਕ ਮਰਦੇ ਰਹਿਣਗੇ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੌਮਾਂਤਰੀ ਬਜ਼ਾਰ ਵਿਚ ਜਿੱਥੋਂ ਵੀ ਵੈਕਸੀਨ ਮਿਲੇ, ਉੱਥੋਂ ਲੈ ਕੇ ਸੂਬਾਈ ਸਰਕਾਰਾਂ ਨੂੰ ਉਪਲੱਬਧ ਕਰਵਾਈ ਜਾਵੇ। ਜਿਕਰਯੋਗ ਹੈ ਕਿ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਵੈਕਸੀਨ ਦੀ ਘਾਟ ਦੀ ਗੱਲ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਵੈਕਸੀਨ ਦੀ ਸਪਲਾਈ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ ਤਾਂ ਕਿ ਸਾਰਿਆਂ ਨੂੰ ਟੀਕਾ ਲੱਗ ਸਕੇ।