ਰਾਂਚੀ – ਦੇਸ਼ ਵਿੱਚ ਚਰਚਿੱਤ ਮਾਮਲਿਆਂ ਵਿੱਚੋਂ ਇਕ ਚਾਰਾ ਘਪਲਾ ਕੇਸ ਨਾਲ ਸਬੰਧਤ ਦੁਮਕਾ ਖਜ਼ਾਨਾ ਤੋਂ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਵੱਡੀ ਰਾਹਤ ਮਿਲੀ ਹੈ। ਝਾਰਖੰਡ ਹਾਈ ਕੋਰਟ ਨੇ ਕੁਝ ਸ਼ਰਤਾਂ ਨਾਲ ਰਾਸ਼ਟਰੀ ਜਨਤਾ ਦਲ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਜ਼ਮਾਨਤ ਦੇ ਦਿੱਤੀ ਹੈ। ਹੁਣ ਲਾਲੂ ਜੇਲ੍ਹ ਵਿੱਚੋਂ ਜਲਦੀ ਰਿਹਾਅ ਹੋ ਜਾਣਗੇ। ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ਨੇ ਸਾਰੇ ਪੱਖਾਂ ਨੂੰ ਸੁਣਨ ਮਗਰੋਂ ਅੱਧੀ ਸਜ਼ਾ ਪੂਰੀ ਕਰਨ ਦੇ ਆਧਾਰ ਤੇ ਉਨ੍ਹਾਂ ਨੂੰ ਚਾਰਾ ਘਪਲਾ ਮਾਮਲੇ ਵਿਚ ਕੁਝ ਸ਼ਰਤਾਂ ਮੁਤਾਬਕ ਜ਼ਮਾਨਤ ਦੇ ਦਿੱਤੀ ਹੈ।ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਤੇ ਫ਼ੈਸਲਾ ਸੁਣਾਉਂਦੇ ਹੋਏ ਝਾਰਖੰਡ ਹਾਈ ਕੋਰਟ ਨੇ ਹੁਕਤ ਦਿੱਤਾ ਕਿ ਜ਼ਮਾਨਤ ਲਈ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਮੁਚਲਕਾ ਦੇਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਾਉਣਾ ਪਵੇਗਾ। ਉਹ ਬਿਨਾਂ ਕੋਰਟ ਦੀ ਇਜਾਜ਼ਤ ਦੇ ਵਿਦੇਸ਼ ਨਹੀਂ ਜਾ ਸਕਣਗੇ ਅਤੇ ਆਪਣਾ ਪਤਾ ਅਤੇ ਮੋਬਾਇਲ ਨੰਬਰ ਨਹੀਂ ਬਦਲ ਸਕਦੇ।ਜਿਕਰਯੋਗ ਹੈ ਕਿ ਦੁਮਕਾ ਖਜ਼ਾਨਾ ਤੋਂ ਗੈਰ-ਕਾਨੂੰਨੀ ਨਿਕਾਸੀ ਦੇ ਕੇਸ ਵਿਚ ਲਾਲੂ ਪ੍ਰਸਾਦ ਨੇ ਜ਼ਮਾਨਤ ਲਈ ਅੱਧੀ ਸਜ਼ਾ ਪੂਰੀ ਕਰਨ ਦਾ ਦਾਅਵਾ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਵਿਚ ਸੀ. ਬੀ. ਆਈ. ਦੀ ਅਦਾਲਤ ਨੇ ਲਾਲੂ ਪ੍ਰਸਾਦ ਨੂੰ 7-7 ਸਾਲ ਦੀ ਸਜ਼ਾ ਦੋ ਵੱਖ-ਵੱਖ ਧਰਾਵਾਂ ਵਿਚ ਸੁਣਾਈ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਅੱਧੀ ਸਜ਼ਾ ਪੂਰੀ ਕਰ ਚੁੱਕੇ ਹਨ। ਉੱਥੇ ਹੀ ਸੀ. ਬੀ. ਆਈ. ਦਾ ਦਾਅਵਾ ਸੀ ਕਿ ਉਨ੍ਹਾਂ ਦੀ ਅੱਧੀ ਸਜ਼ਾ ਅਜੇ ਪੂਰੀ ਨਹੀਂ ਹੋਈ ਹੈ।