ਬਟਾਲਾ, 24 ਜੂਨ – ਬਟਾਲਾ ਦੇ ਸਿਟੀ ਰੋਡ ਤੇ ਅੱਜ ਦੋ ਵਿਅਕਤੀਆਂ ਵਲੋਂ ਸ਼ਰ੍ਹੇਆਮ ਕੀਤੀ ਗਈ ਫਾਇਰਿੰਗ ਦੌਰਾਨ ਇਲੈਕਟ੍ਰਾਨਿਕ ਦੇ ਸ਼ੋਅਰੂਮ ਮਾਲਕ ਸਮੇਤ ਤਿੰਨ ਵਿਅਕਤੀਆਂ ਨੂੰ ਗੋਲ਼ੀਆਂ ਮਾਰੀਆਂ ਗਈਆਂ ਹਨ। ਗੋਲੀਬਾਰੀ ਦੌਰਾਨ ਦੁਕਾਨਦਾਰ ਰਾਜੀਵ ਮਹਾਜਨ (ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਵੀ ਹਨ), ਉਨ੍ਹਾਂ ਦਾ ਭਰਾ ਅਨਿਲ ਮਹਾਜਨ ਤੇ ਪੁੱਤਰ ਮਾਨਵ ਮਹਾਜਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਦੁਕਾਨਦਾਰ ਤੇ ਹੋਏ ਹਮਲੇ ਨੂੰ ਲੈ ਕੇ ਖੇਤਰ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।
ਹਸਪਤਾਲ ਵਿੱਚ ਭਰਤੀ ਅਨਿਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰੀਬ 12 ਵਜੇ ਇੱਕ ਨੌਜਵਾਨ ਆਇਆ ਅਤੇ ਕਿਹਾ ਕਿ ਉਸਨੇ ਐਲ ਈ ਡੀ ਲੈਣੀ ਹੈ। ਇਹ ਨੌਜਵਾਨ ਦੁਕਾਨ ਤੋਂ ਚਲਾ ਗਿਆ ਅਤੇ ਫਿਰ ਉਸ ਦੇ ਨਾਲ ਇਕ ਹੋਰ ਨੌਜਵਾਨ ਅੰਦਰ ਆ ਗਿਆ ਜਿਹਨਾਂ ਨੇ ਆਉਂਦੇ ਸਾਰ ਉਹਨਾਂ ਤੇ ਤਾਬੜ-ਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਹ, ਉਨ੍ਹਾਂ ਦਾ ਭਰਾ ਤੇ ਬੇਟਾ ਗੰਭੀਰ ਜ਼ਖ਼ਮੀ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਣ ਤੇ ਡੀ ਐਸ ਪੀ ਸਿਟੀ ਲਲਿਤ ਕੁਮਾਰ ਤੇ ਹੋਰ ਪੁਲੀਸ ਅਧਿਕਾਰੀ ਮੌਕੇ ਤੇ ਪੁੱਜ ਗਏ ਸਨ ਅਤੇ ਪੁਲੀਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ।