ਨਵੀਂ ਦਿੱਲੀ – ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਅਭਿਨੇਤਾ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਅੱਜ ਸੁਣਵਾਈ ਕੀਤੀ। ਕੋਰਟ ਨੇ ਸਿੱਧੂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ 8 ਅਪ੍ਰੈਲ ਤੱਕ ਟਾਲ ਦਿੱਤੀ ਹੈ। ਜਿਕਰਯੋਗ ਹੈ ਕਿ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਜੱਜ ਦੇ ਛੁੱਟੀ ਤੇ ਹੋਣ ਕਾਰਨ ਅਭਿਨੇਤਾ ਦੀਪ ਸਿੱਧੂ ਦੀ ਅਰਜ਼ੀ ਤੇ ਬੀਤੇ ਦਿਨ ਹੋਣ ਵਾਲੀ ਸੁਣਵਾਈ ਟਾਲ ਦਿੱਤੀ ਸੀ।ਜਿਕਰਯੋਗ ਕਿ ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਟੀਮ ਨੇ ਦੀਪ ਸਿੱਧੂ ਨੂੰ 8 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ 7 ਦਿਨਾਂ ਦੀ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ। ਇਸ ਮਗਰੋਂ ਪੁੱਛ ਪੜਤਾਲ ਵਿੱਚ ਦੀਪ ਸਿੱਧੂ ਨੇ ਦੱਸਿਆ ਕਿ ਉਸ ਦਾ ਕੋਈ ਵੀ ਬੁਰਾ ਇਰਾਦਾ ਨਹੀਂ ਸੀ ਅਤੇ ਬਾਕੀਆਂ ਵਾਂਗ ਉਹ ਵੀ ਉੱਥੇ ਚਲਾ ਗਿਆ ਸੀ। ਦਿੱਲੀ ਪੁਲੀਸ ਨੇ ਦੀਪ ਸਿੱਧੂ ਅਤੇ ਤਿੰਨ ਹੋਰਾਂ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਨਕਦੀ ਇਨਾਮ ਦੇਣ ਦਾ ਐਲਾਨ ਕੀਤਾ ਸੀ। ਦਿੱਲੀ ਪੁਲੀਸ ਵਲੋਂ ਦੀਪ ਸਿੱਧੂ ਨੂੰ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਤੇ ਹੋਈ ਹਿੰਸਾ ਵਿੱਚ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ।