ਮੁੰਬਈ – ਦੱਖਣੀ ਫ਼ਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੂੰ ਫ਼ਿਲਮ ਜਗਤ ਦਾ ਸਭ ਤੋਂ ਵੱਡਾ ਐਵਾਰਡ ‘ਦਾਦਾ ਸਾਹਿਬ ਫਾਲਕੇ ਐਵਾਰਡ’ ਮਿਲੇਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ’51ਵਾਂ ਦਾਦਾ ਸਾਹਿਬ ਫਾਲਕੇ ਐਵਾਰਡ’ ਰਜਨੀਕਾਂਤ ਨੂੰ 3 ਮਈ ਨੂੰ ਦਿੱਤਾ ਜਾਵੇਗਾ। ਰਜਨੀਕਾਂਤ 71 ਸਾਲਾਂ ਦੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਹੁਣ ਤੱਕ ਇਹ ਪੁਰਸਕਾਰ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ 50 ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ। ਹੁਣ 51ਵਾਂ ਐਵਾਰਡ ਸੁਪਰਸਟਾਰ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਰਜਨੀਕਾਂਤ ਦੇ ਇਸ ਪੁਰਸਕਾਰ ਲਈ ਚੁਣੇ ਜਾਣ ਨਾਲ ਦੇਸ਼ ਖੁਸ਼ ਹੋਵੇਗਾ।ਰਜਨੀਕਾਂਤ ਦਾ ਜਨਮ 12 ਦਸੰਬਰ 1950 ਨੂੰ ਬੰਗਲੁਰੂ ਵਿੱਚ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ। ਇੱਕ ਗਰੀਬ ਪਰਿਵਾਰ ਵਿੱਚ ਜੰਮੇ ਰਜਨੀਕਾਂਤ ਨੇ ਆਪਣੀ ਸਖ਼ਤ ਮਿਹਨਤ ਅਤੇ ਕੜੇ ਸੰਘਰਸ਼ ਸਦਕਾ ਨਾ ਸਿਰਫ਼ ਟਾਲੀਵੁੱਡ ਵਿੱਚ ਸਗੋਂ ਬਾਲੀਵੁੱਡ ਵਿੱਚ ਵੀ ਬਹੁਤ ਨਾਂ ਕਮਾਇਆ। ਦੱਖਣ ਵਿੱਚ ਰਜਨੀਕਾਂਤ ਨੂੰ ਥਲਾਈਵਾ ਅਤੇ ਭਗਵਾਨ ਕਿਹਾ ਜਾਂਦਾ ਹੈ। ਰਜਨੀਕਾਂਤ ਦਾ ਅਸਲ ਨਾਂ ਸ਼ਿਵਾਜੀ ਰਾਓ ਗਾਇਕਵਾੜ ਹੈ।ਰਜਨੀਕਾਂਤ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 25 ਸਾਲ ਦੀ ਉਮਰ ਵਿੱਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਤਮਿਲ ਫ਼ਿਲਮ ‘ਅਪੂਰਵ ਰਾਗਨਾਗਲ’ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਕਮਲ ਹਾਸਨ ਅਤੇ ਸ਼੍ਰੀਵਿਦਿਆ ਨਾਲ ਕੰਮ ਕੀਤਾ ਸੀ। ਸਾਲ 1975 ਤੋਂ 1977 ਦੇ ਵਿਚਕਾਰ ਉਨ੍ਹਾਂ ਨੇ ਬਹੁਤੀਆਂ ਫ਼ਿਲਮਾਂ ਵਿੱਚ ਕਮਲ ਹਸਨ ਨਾਲ ਵਿਲੇਨ ਦੀ ਭੂਮਿਕਾ ਨਿਭਾਈ। ਉਨ੍ਹਾਂ ਦੀ ਪਹਿਲੀ ਤਮਿਲ ਫ਼ਿਲਮ ‘ਭੈਰਵੀ’ ਵਿੱਚ ਉਹ ਮੁੱਖ ਭੂਮਿਕਾ ਵਿੱਚ ਆਏ ਸਨ। ਇਹ ਫ਼ਿਲਮ ਵੱਡੀ ਹਿੱਟ ਸਾਬਤ ਹੋਈ ਅਤੇ ਰਜਨੀਕਾਂਤ ਇੱਕ ਸਟਾਰ ਬਣ ਗਏ।