ਸ਼੍ਰੋਮਣੀ ਕਮੇਟੀ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ 7 ਕਿਸਾਨਾਂ ਦੇ ਪਰਿਵਾਰਾਂ ਨੂੰ ਦੇਵੇਗੀ ਇਕ ਇਕ ਲੱਖ ਰੁਪਏ- ਬੀਬੀ ਜਗੀਰ ਕੌਰ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਸੱਤ ਕਿਸਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਸੰਘਰਸ਼ ਦੀ ਕਾਮਯਾਬੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਿਆਂ ਅੰਦਰ 7 ਦਸੰਬਰ ਨੂੰ ਸਵੇਰੇ 8:00 ਤੋਂ 9:00 ਵਜੇ ਤੱਕ ਅਰਦਾਸ ਸਮਾਗਮ ਵੀ ਕੀਤੇ ਜਾਣਗੇ।ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਅੱਜ ਇਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਉਕਤ ਫੈਸਲੇ ਲੈਂਦਿਆਂ ਕਿਸਾਨੀ ਸੰਘਰਸ਼ ਦੀ ਭਰਵੀਂ ਹਮਾਇਤ ਕੀਤੀ ਗਈ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋਂ ਦਿੱਲੀ ਵਿਖੇ ਕਿਸਾਨ ਸੰਘਰਸ਼ ਵਿਚ ਸ਼ਾਮਲ ਚਲਾਣਾ ਕਰ ਗਏ 7 ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਸੰਘਰਸ਼ ਵਿਚ ਸ਼ਾਮਲ ਬੀਬੀਆਂ ਲਈ ਆਰਜ਼ੀ ਇਸ਼ਨਾਨ ਘਰ ਤੇ ਪਾਖਾਨੇ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਸੰਘਰਸ਼ ਦੀ ਕਾਮਯਾਬੀ ਲਈ ਇਤਿਹਾਸਕ ਗੁਰਦੁਆਰਿਆਂ ਵਿਚ 7 ਦਸੰਬਰ ਨੂੰ ਅਰਦਾਸ ਸਮਾਗਮ ਕੀਤੇ ਜਾਣਗੇ। ਇਹ ਸਮਾਗਮ ਸਵੇਰੇ 8:00 ਤੋਂ 9:00 ਵਜੇ ਤੱਕ ਹੋਣਗੇ, ਜਿਨ੍ਹਾਂ ਵਿਚ ਕੀਰਤਨ ਉਪਰੰਤ ਅਰਦਾਸ ਹੋਵੇਗੀ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਹਰ ਗੁਰੂ ਘਰ ਵਿਚ ਇਸ ਦਿਨ ਕਿਸਾਨਾਂ ਲਈ ਅਰਦਾਸ ਕੀਤੀ ਜਾਵੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਹਰ ਰਾਜਸੀ, ਧਾਰਮਿਕ, ਸਮਾਜਿਕ ਆਗੂ ਅਤੇ ਖਿਡਾਰੀਆਂ ਵੱਲੋਂ ਕਿਸਾਨਾਂ ਨਾਲ ਖੜ੍ਹਦਿਆਂ ਭਾਰਤੀ ਸਨਮਾਨ ਵਾਪਸ ਕਰਨ ਦੇ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਸਲਾਹਿਆ ਹੈ। ਉਨ੍ਹਾਂ ਭਾਰਤ ਸਰਕਾਰ ਦੀ ਕਰੜੀ ਨਿੰਦਾ ਅਤੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਾਲੇ ਕਾਨੂੰਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੰਗਨਾ ਰਾਨੌਤ ਵੱਲੋਂ ਬਜ਼ੁਰਗ ਮਾਤਾਵਾਂ ਖਿਲਾਫ਼ ਕੀਤੀ ਟਿੱਪਣੀ ਦੀ ਵੀ ਨਿੰਦਾ ਕੀਤੀ ਗਈ। ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਹੋਰ ਫੈਸਲਿਆਂ ਸਬੰਧੀ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪਬਲੀਕੇਸ਼ਨ ਵਿਭਾਗ ਲਈ ਇਕ ਸਮੀਖਿਆ ਕਮੇਟੀ ਗਠਿਤ ਕੀਤੀ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਸਬੰਧੀ ਮਰਯਾਦਾ, ਪਬਲੀਕੇਸ਼ਨ ਵਿਭਾਗ ਦੇ ਹਾਲਾਤ ਅਤੇ ਕਾਰਗੁਜ਼ਾਰੀ ਨੂੰ ਦੇਖਣ ਲਈ ਇਹ ਕਮੇਟੀ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ਬਾਰੇ ਵੀ ਇਹ ਕਮੇਟੀ ਸਮੀਖਿਆ ਕਰੇਗੀ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਅੰਦਰ ਤਰੱਕੀਆਂ ਅਤੇ ਨਿਯੁਕਤੀਆਂ ਸਬੰਧੀ ਵੀ ਇਕ ਰੀਵਿਊ ਕਮੇਟੀ ਦਾ ਗਠਨ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਗੁਰਦੁਆਰਾ ਸਾਹਿਬਾਨ, ਵਿਦਿਅਕ ਅਦਾਰਿਆਂ, ਸਿਹਤ ਸੰਸਥਾਵਾਂ ਅਤੇ ਧਰਮ ਪ੍ਰਚਾਰ ਦੇ ਪ੍ਰਬੰਧ ਨੂੰ ਹੋਰ ਚੁਸਤ ਦਰੁੱਸਤ ਬਣਾਉਣ ਲਈ ਵੀ ਵਿਚਾਰਾਂ ਕੀਤੀਆਂ ਹਨ ਅਤੇ ਜਲਦ ਹੀ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਬੁਲਾ ਕੇ ਪ੍ਰਬੰਧਕੀ ਨਿਰਦੇਸ਼ ਜਾਰੀ ਕੀਤੇ ਜਾਣਗੇ। ਮੁਲਾਜ਼ਮਾਂ ’ਤੇ ਡਰੈੱਸ ਕੋਡ ਵੀ ਲਾਗੂ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਪ੍ਰਬੰਧ ਅੰਦਰ ਸਨਮਾਨ ਸਮੇਂ ਵਰਤੀਆਂ ਜਾਂਦੀਆਂ ਲੋਈਆਂ ’ਤੇ ਰੋਕ ਲਗਾਈ ਜਾਵੇਗੀ ਅਤੇ ਸਨਮਾਨ ਕੇਵਲ ਗੁਰੂ ਬਖ਼ਸ਼ਿਸ਼ ਸਿਰੋਪਾਓ ਨਾਲ ਕੀਤਾ ਜਾਵੇਗਾ।ਬੀਬੀ ਜਗੀਰ ਕੌਰ ਨੇ ਇਹ ਵੀ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਆ ਰਹੀਆਂ ਸ਼ਤਾਬਦੀਆਂ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਸਿੱਖ ਵਿਦਵਾਨਾਂ, ਬੁੱਧੀਜੀਵੀਆਂ, ਮਹਾਂਪੁਰਖਾਂ ਅਤੇ ਪ੍ਰਚਾਰਕਾਂ ਦੀਆਂ ਕਮੇਟੀਆਂ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸੌ ਸਾਲਾ ਅਤੇ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਲਈ ਪ੍ਰੋਗਰਾਮ ਉਲੀਕਣ ਲਈ ਜਲਦ ਹੀ ਕਮੇਟੀਆਂ ਗਠਤ ਕਰਕੇ ਇਕੱਤਰਤਾਵਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸ਼ਤਾਬਦੀ ਸਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਬਣਾਈ ਜਾ ਰਹੀ ਹੈ।ਰਾਜਿਸਥਾਨ ਦੇ ਇਕ ਪਿੰਡ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਬਹਾਲੀ ਲਈ ਗਏ ਸਿੱਖਾਂ ਉੱਪਰ ਪਰਚੇ ਦਰਜ ਕੀਤੇ ਜਾਣ ਦੀ ਸਖ਼ਤ ਨਿੰਦਾ ਕਰਦਿਆਂ ਬੀਬੀ ਜਗੀਰ ਕੌਰ ਨੇ ਇਹ ਕੇਸ ਤੁਰੰਤ ਰੱਦ ਕਰਨ ਦੀ ਸਥਾਨਕ ਸਰਕਾਰ ਪਾਸੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੰਗਾਨਗਰ ਦੇ ਪਿੰਡ ਛੋਟੀ ਹਾਰਨੀਆਂ 11 ਜੀ ਵਿਖੇ ਇਕ ਪਾਖੰਡੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਬੇਅਦਬੀ ਕਾਰਨ ਪਾਵਨ ਸਰੂਪ ਲੈਣ ਲਈ ਗਏ ਸਿੰਘਾਂ ਉੱਪਰ ਪਰਚੇ ਦਰਜ ਕਰਨੇ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਸੀ। ਸ੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਪਰਚੇ ਤੁਰੰਤ ਰੱਦ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੰਨੀ ਦੇਰ ਪਰਚੇ ਰੱਦ ਨਹੀਂ ਹੁੰਦੇ, ਇਹ ਕੇਸ ਸ਼੍ਰੋਮਣੀ ਕਮੇਟੀ ਲੜ੍ਹੇਗੀ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਸਮੁੱਚੀ ਅੰਤ੍ਰਿੰਗ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਬਰਤਨਾਂ ਦੀ ਸੇਵਾ ਵੀ ਕੀਤੀ। ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅੰਤ੍ਰਿੰਗ ਮੈਂਬਰ ਸ. ਬਲਦੇਵ ਸਿੰਘ ਚੂੰਘਾਂ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਨਵਤੇਜ ਸਿੰਘ ਕਾਉਣੀ, ਸ. ਸਤਵਿੰਦਰ ਸਿੰਘ ਟੌਹੜਾ, ਸ. ਅਜਮੇਰ ਸਿੰਘ ਖੇੜਾ, ਸ. ਦਰਸ਼ਨ ਸਿੰਘ ਸ਼ੇਰਖਾਂ, ਸ. ਭੁਪਿੰਦਰ ਸਿੰਘ ਭਲਵਾਨ, ਸ. ਹਰਭਜਨ ਸਿੰਘ ਮਸਾਣਾਂ, ਬੀਬੀ ਮਲਕੀਤ ਕੌਰ ਕਮਾਲਪੁਰ, ਸ. ਮਿੱਠੂ ਸਿੰਘ ਕਾਹਨੇਕੇ, ਸ. ਅਮਰੀਕ ਸਿੰਘ ਸ਼ਾਹਪੁਰ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਅਤੇ ਹੋਰ ਹਾਜ਼ਰ ਸਨ।