ਕੈਲੀਫੋਰਨੀਆ – ਅਮਰੀਕਾ ਦੇ ਨੇਬਰਾਸਕਾ ਸੂਬੇ ਵਿੱਚ ਬੱਚਿਆਂ ਦੇ ਇੱਕ ਕੇਅਰ ਸੈਂਟਰ ਤੇ ਕੋਰੋਨਾ ਵਾਇਰਸ ਨੇ ਆਪਣਾ ਪ੍ਰਕੋਪ ਢਾਹਿਆ ਹੈ। ਇਸ ਸੰਬੰਧੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਓਮਹਾ ਵਿੱਚ ਇੱਕ ਡੇ ਕੇਅਰ ਸੈਂਟਰ ਵਿੱਚ ਘੱਟੋ ਘੱਟ 100 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕੁੱਝ ਯੂਕੇ ਵੈਰੀਐਂਟ ਦੇ ਕੇਸ ਵੀ ਸ਼ਾਮਿਲ ਹਨ। ਡਗਲਸ ਕਾਉਂਟੀ ਸਿਹਤ ਵਿਭਾਗ ਦੇ ਅਨੁਸਾਰ ਪਹਿਲੇ ਕੁੱਝ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਰੋਜ਼ਵੁੱਡ ਅਕੈਡਮੀ ਚਾਈਲਡ ਕੇਅਰ ਅਤੇ ਪ੍ਰੀਸਕੂਲ ਨੂੰ ਪਿਛਲੇ ਹਫਤੇ ਬੰਦ ਕਰ ਦਿੱਤਾ ਗਿਆ ਸੀ ਅਤੇ ਐਤਵਾਰ ਤੱਕ, 100 ਤੋਂ ਵੱਧ ਕੋਵਿਡ -19 ਕੇਸ ਸ਼ੁਰੂਆਤੀ ਪ੍ਰਕੋਪ ਨਾਲ ਜੁੜੇ ਹੋਏ ਹਨ। ਯੂਕੇ ਮਾਮਲਿਆਂ ਦੀ ਗਿਣਤੀ ਬਾਰੇ ਸਹੀ ਅੰਕੜਾ ਪ੍ਰਾਪਤ ਨਹੀਂ ਹੋ ਸਕਿਆ ਕਿਉਂਕਿ ਨੇਬਰਾਸਕਾ ਹਰ ਨਮੂਨੇ ਉੱਤੇ ਜੀਨੋਮਿਕ ਸੀਕਿਉਂਸਿੰਗ ਨਹੀਂ ਕਰਦਾ। ਡੇ ਕੇਅਰ ਦੇ ਮਾਲਕ ਕੈਲੀ ਹੈਨਸਨ ਨੇ ਕਿਹਾ ਕਿ ਸੰਕਰਮਿਤ ਲੋਕਾਂ ਵਿੱਚ ਸਟਾਫ ਅਤੇ ਬੱਚੇ ਵੀ ਸ਼ਾਮਲ ਹਨ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ ਅਤੇ ਸਕੂਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੰਸਥਾ ਨੇ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਖਤ ਸੁਰੱਖਿਆ ਉਪਾਅ ਕੀਤੇ ਹਨ, ਅਤੇ ਸਾਰੇ ਲਾਗ ਵਾਲੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਇਕਾਂਤਵਾਸ ਕਰਨ ਲਈ ਕਿਹਾ ਗਿਆ ਹੈ। ਇਸਦੇ ਇਲਾਵਾ ਪ੍ਰੀਸਕੂਲ ਇਸ ਸਥਿਤੀ ਦੀ ਨਿਗਰਾਨੀ ਕਰਨ ਲਈ ਡਗਲਸ ਕਾਉਂਟੀ ਸਿਹਤ ਵਿਭਾਗ ਨਾਲ ਨੇੜਿਓਂ ਕੰਮ ਕਰਨਾ ਜਾਰੀ ਰੱਖੇਗਾ ਅਤੇ ਪਰਿਵਾਰਾਂ ਅਤੇ ਸਟਾਫ ਨੂੰ ਜਿੰਨੀ ਜਲਦੀ ਹੋ ਸਕੇ ਟੀਕਾ ਲਗਵਾਉਣ ਲਈ ਉਤਸ਼ਾਹਿਤ ਵੀ ਕੀਤਾ ਜਾਵੇਗਾ। ਸੂਬੇ ਦੇ ਅੰਕੜਿਆਂ ਅਨੁਸਾਰ, ਐਤਵਾਰ ਤੱਕ ਰਾਜ ਦੀ ਕੁੱਲ 1.48 ਮਿਲੀਅਨ ਆਬਾਦੀ ਦੀ ਲੱਗਭਗ 20.8% ਵਸੋਂ ਦਾ ਪੂਰਾ ਟੀਕਾਕਰਨ ਕੀਤਾ ਗਿਆ ਹੈ।