ਕੈਲੀਫੋਰਨੀਆ – ਅਮਰੀਕਾ ਦੇ ਕੋਲੋਰਾਡੋ ਵਿੱਚ ਸ਼ਨੀਵਾਰ ਦੀ ਰਾਤ ਨੂੰ ਤਕਰੀਬਨ 800 ਵਿਅਕਤੀਆਂ ਦੀ ਇੱਕ ਗੈਰ ਕਾਨੂੰਨੀ ਪਾਰਟੀ ਨੂੰ ਬੰਦ ਕਰਵਾ ਰਹੇ ਸਵੈਟ ਅਧਿਕਾਰੀਆਂ ਉੱਪਰ ਇੱਟਾਂ ਨਾਲ ਹਮਲਾ ਕੀਤਾ ਗਿਆ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਾਰਟੀ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਨੇੜੇ ਬੋਲਡਰ ਯੂਨੀਵਰਸਿਟੀ ਹਿੱਲ ਦੇ ਗੁਆਂਢ ਵਿੱਚ ਕੀਤੀ ਜਾ ਰਹੀ ਸੀ, ਜਿਸ ਵਿੱਚ ਪੁਲਿਸ ਅਨੁਸਾਰ 800 ਦੇ ਕਰੀਬ ਲੋਕ ਸ਼ਾਮਿਲ ਸਨ। ਇਸ ਪਾਰਟੀ ਨੂੰ ਬੰਦ ਕਰਵਾ ਰਹੇ ਤਿੰਨ ਸਵੈਟ ਅਧਿਕਾਰੀਆਂ ਉੱਪਰ ਇੱਟਾਂ ਅਤੇ ਚੱਟਾਨਾਂ ਨਾਲ ਪਥਰਾਅ ਕੀਤਾ ਗਿਆ ਅਤੇ ਇਸਦੇ ਨਾਲ ਹੀ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁਚਾਇਆ ਗਿਆ। ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਤੋੜਦੀ ਇਸ ਪਾਰਟੀ ਨੂੰ ਬੰਦ ਕਰਨ ਲਈ ਸੀ ਯੂ ਨੇ ਲੱਗਭਗ 8 ਵਜੇ ਵਿਦਿਆਰਥੀਆਂ ਨੂੰ ਅਲਰਟ ਜਾਰੀ ਕੀਤਾ ਸੀ, ਜਿਸਦੇ ਤਹਿਤ ਲੋਕਾਂ ਨੂੰ ਗ੍ਰਿਫਤਾਰ ਕਰਨ ਸੰਬੰਧੀ ਵੀ ਚਿਤਾਵਨੀ ਦਿੱਤੀ ਗਈ ਸੀ। ਇਸਦੇ ਇਲਾਵਾ ਅੱਧੇ ਘੰਟੇ ਬਾਅਦ, ਘਟਨਾ ਸਥਾਨ ‘ਤੇ ਮੌਜੂਦ ਅਧਿਕਾਰੀਆਂ ਨੇ ਵੀ ਪਾਰਟੀ ਵਾਲਿਆਂ ਨੂੰ ਅੱਥਰੂ ਗੈਸ ਅਤੇ ਗ੍ਰਿਫਤਾਰੀਆਂ ਦੀ ਚਿਤਾਵਨੀ ਦਿੱਤੀ, ਜਿਸ ਕਰਕੇ ਜ਼ਿਆਦਾਤਰ ਭੀੜ 9 ਵਜੇ ਤੱਕ ਖਿੰਡ ਗਈ ਸੀ।ਇਸ ਪਾਰਟੀ ਦੇ ਸੰਬੰਧ ਵਿੱਚ ਯੂਨੀਵਰਸਿਟੀ ਅਨੁਸਾਰ ਹਿੰਸਕ ਕਾਰਵਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਹਟਾ ਦਿੱਤਾ ਜਾਵੇਗਾ, ਜਿਹਨਾਂ ਦੀ ਪਛਾਣ ਲਈ ਬੋਲਡਰ ਪੁਲਿਸ ਦੁਆਰਾ ਬਾਡੀ ਕੈਮਰਾ ਫੁਟੇਜ ਦੇ ਨਾਲ ਨਾਲ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਫੋਟੋਆਂ ਅਤੇ ਵੀਡੀਓ ਦੀ ਪੜਤਾਲ ਕੀਤੀ ਜਾ ਰਹੀ ਹੈ।