ਸ਼੍ਰੀਨਗਰ – ਕਸ਼ਮੀਰ ਘਾਟੀ ਵਿੱਚ ਸੁਰੱਖਿਆ ਫ਼ੋਰਸਾਂ ਨਾਲ 2 ਵੱਖ-ਵੱਖ ਮੁਕਾਬਲਿਆਂ ਵਿੱਚ ਤਿੰਨ ਅੱਤਵਾਦੀਆਂ ਦੀ ਮੌਤ ਹੋ ਗਈ, ਜਦੋਂ ਕਿ ਜੰਮੂ ਕਸ਼ਮੀਰ ਪੁਲੀਸ ਦੇ ਇਕ ਵਿਸ਼ੇਸ਼ ਪੁਲੀਸ ਅਧਿਕਾਰੀ (ਐਸ.ਪੀ.ਓ.) ਸ਼ਹੀਦ ਹੋ ਗਏ ਅਤੇ ਇਕ ਕਾਂਸਟੇਬਲ ਜ਼ਖਮੀ ਹੋ ਗਿਆ। ਅਧਿਕਾਰਤ ਸੂਤਰਾਂ ਅਨੁਸਾਰ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਸੂਚਨਾ ਦੇ ਆਧਾਰ ਤੇ ਰਾਸ਼ਟਰੀ ਰਾਈਫ਼ਲ, ਕੇਂਦਰੀ ਰਿਜ਼ਰਵ ਪੁਲੀਸ ਫੋਰਸ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਦੱਖਣੀ ਕਸ਼ਮੀਰ ਵਿੱਚ ਸ਼ੋਪੀਆਂ ਜ਼ਿਲ੍ਹੇ ਦੇ ਬਾਦਿਗਾਮ ਪਿੰਡ ਵਿੱਚ ਸਾਂਝੀ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ।ਸੁਰੱਖਿਆ ਫੋਰਸ ਦੇ ਜਵਾਨ ਪਿੰਡ ਵਿੱਚ ਸ਼ੱਕੀ ਇਲਾਕੇ ਵੱਲ ਵੱਧ ਰਹੇ ਸਨ, ਉਦੋਂ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਫ਼ੋਰਸਾਂ ਨੇ ਵੀ ਗੋਲੀਆਂ ਚਲਾਈਆਂ। ਦੋਹਾਂ ਪੱਖਾਂ ਵਿਚਾਲੇ ਮੁਕਾਬਲੇ ਵਿੱਚ ਹੁਣ ਤੱਕ 3 ਅੱਤਵਾਦੀਆਂ ਦੇ ਮਾਰੇ ਜਾਣ ਦੀ ਰਿਪੋਰਟ ਹੈ।ਮੌਕੇ ਤੇ ਕਾਫ਼ੀ ਗਿਣਤੀ ਵਿੱਚ ਹਥਿਆਰ ਅਤੇ ਵਿਸਫ਼ੋਟਕ ਵੀ ਬਰਾਮਦ ਕੀਤੇ ਗਏ ਹਨ। ਮੱਧ ਕਸ਼ਮੀਰ ਵਿੱਚ ਬੜਗਾਮ ਜ਼ਿਲ੍ਹੇ ਦੇ ਬੀਰਵਾਹ ਵਿੱਚ ਇਸੇ ਤਰ੍ਹਾਂ ਦੀ ਹੋਰ ਮੁਹਿੰਮ ਦੌਰਾਨ ਸੰਯੁਕਤ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿੱਚ ਐਸ.ਪੀ.ਓ. ਮੁਹੰਮਦ ਅਲਤਾਫ਼ ਸ਼ਹੀਦ ਹੋ ਗਏ ਅਤੇ ਪੁਲੀਸ ਕਾਂਸਟੇਬਲ ਮੰਜ਼ੂਰ ਅਹਿਮਦ ਜ਼ਖਮੀ ਹੋ ਗਏ। ਅੰਤਿਮ ਰਿਪੋਰਟ ਮਿਲਣ ਤੱਕ ਦੋਹਾਂ ਸਥਾਨਾਂ ਤੇ ਮੁਕਾਬਲਾ ਜਾਰੀ ਸੀ।