ਮੁਬਈ – ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਜੂਹੂ ਸਥਿਤ ਰਿਹਾਇਸ਼ੀ ਇਮਾਰਤ ਵਿੱਚ ਕਥਿਤ ਤੌਰ ’ਤੇ ਬਿਨਾਂ ਇਜਾਜ਼ਤ ਗੈਰਕਾਨੂੰਨੀ ਢੰਗ ਨਾਲ ਢਾਂਚਾਗਤ ਤਬਦੀਲੀਆਂ ਕਰਨ ’ਤੇ ਬੀਐੱਮਸੀ ਵੱਲੋਂ ਜਾਰੀ ਨੋਟਿਸ ਖ਼ਿਲਾਫ਼ ਬੰਬਈ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਸੂਦ ਨੇ ਵਕੀਲ ਡੀਪੀ ਸਿੰਘ ਰਾਹੀਂ ਪਿਛਲੇ ਹਫ਼ਤੇ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੇ ਛੇ-ਮੰਜ਼ਿਲਾ ਸ਼ਕਤੀ ਸਾਗਰ ਇਮਾਰਤ ਵਿੱਚ ਕੋਈ ਗੈਰਕਾਨੂੰਨੀ ਨਿਰਮਾਣ ਨਹੀਂ ਕਰਾਇਆ ਹੈ। ਬੰਬਈ ਹਾਈ ਕੋਰਟ ਦੇ ਜਸਟਿਸ ਪ੍ਰਿਥਵੀਰਾਜ ਚਵਾਨ ਦਾ ਇੱਕ ਮੈਂਬਰੀ ਬੈਂਚ ਭਲਕੇ ਸੋਮਵਾਰ ਨੂੰ ਮਾਮਲੇ ’ਤੇ ਸੁਣਵਾਈ ਕਰੇਗਾ। ਵਕੀਲ ਡੀਪੀ ਸਿੰਘ ਨੇ ਕਿਹਾ, ‘ਪਟੀਸ਼ਨਕਰਤਾ ਸੋਨੂੰ ਸੂਦ ਨੇ ਇਮਾਰਤ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਕਰਾਇਆ, ਜਿਸ ਲਈ ਬੀਐੱਮਸੀ ਦੀ ਮਨਜ਼ੂਰੀ ਜ਼ਰੂਰੀ ਹੋਵੇ। ਸਿਰਫ਼ ਓਹੀ ਬਦਲਾਅ ਕੀਤੇ ਗਏ ਹਨ, ਜਿਸ ਦੀ ਮਹਾਰਾਸ਼ਟਰ ਖੇਤਰੀ ਤੇ ਕਸਬਾ ਯੋਜਨਾ (ਐੱਮਆਰਟੀਪੀ) ਐਕਟ ਅਨੁਸਾਰ ਇਜਾਜ਼ਤ ਹੈ।’