ਸਿਡਨੀ- ਭਾਰਤ ਅਤੇ ਆਸਟ੍ਰੇਲੀਆ ਬਾਰਡਰ-ਗਵਾਸਕਰ ਟਰਾਫੀ ਲਈ ਚੱਲ ਰਹੀ ਰੋਮਾਂਚਕ ਲੜਾਈ ਦਾ ਤੀਜਾ ਪੜਾਅ ਹੁਣ ਸਿਡਨੀ ਹੈ, ਜਿਥੇ ਦੋਵੇਂ ਟੀਮਾਂ ਵੀਰਵਾਰ ਨੂੰ ਹੋਣ ਵਾਲੇ ਤੀਜੇ ਟੈਸਟ ਮੁਕਾਬਲੇ ਵਿਚ ਬੜ੍ਹਤ ਹਾਸਲ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਆਸਟਰੇਲੀਆ ਨੇ ਐਡੀਲੇਡ ਵਿਚ ਪਹਿਲੇ ਦਿਨ-ਰਾਤ ਦੇ ਟੈਸਟ ਨੂੰ 8 ਵਿਕਟਾਂ ਨਾਲ ਜਿੱਤ ਲਿਆ ਸੀ ਜਦਕਿ ਭਾਰਤ ਨੇ ਅਜਿੰਕਯ ਰਹਾਣੇ ਦੀ ਕਪਤਾਨੀ ਵਿਚ ਜ਼ੋਰਦਾਰ ਵਾਪਸੀ ਕਰਦੇ ਹੋਏ ਮੈਲਬੌਰਨ ਵਿਚ ਦੂਜੇ ਬਾਕਸਿੰਗ-ਡੇ ਟੈਸਟ ਵਿਚ 8 ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਸੀ। ਮੈਲਬੌਰਨ ਟੈਸਟ ਤੋਂ ਬਾਅਦ ਦੋਵੇਂ ਟੀਮਾਂ ਦਰਮਿਆਨ ਮੈਦਾਨ ਤੋਂ ਬਾਹਰ ਕਾਫੀ ਕੁਝ ਹੋ ਚੁੱਕਾ ਹੈ, ਜਿਸ ਨਾਲ ਸਿਡਨੀ ਵਿਚ ਰੋਮਾਂਚਿਕ ਮੁਕਾਬਲੇ ਦੀ ਸੰਭਾਵਨਾ ਵਧ ਗਈ ਹੈ। ਭਾਰਤੀ ਟੀਮ ਵਿਚ ਰੋਹਿਤ ਸ਼ਰਮਾ ਆਪਣਾ ਕੁਆਰੰਟਾਈਨ ਪੀਰੀਅਡ ਪੂਰਾ ਕਰ ਕੇ ਜੁੜ ਚੁੱਕੇ ਹਨ ਅਤੇ ਉਨ੍ਹਾਂ ਨੂੰ ਚੇਤੇਸ਼ਵਰ ਪੁਜਾਰਾ ਦੀ ਥਾਂ ਟੀਮ ਵਿਚ ਉਪ ਕਪਤਾਨ ਬਣਾਇਆ ਗਿਆ ਹੈ। ਨਵੇਂ ਸਾਲ ਵਿਚ ਰੋਹਿਤ ਸਮੇਤ 5 ਖਿਡਾਰੀਆਂ ਨੇ ਇਕ ਇਨਡੋਰ ਰੈਸਟੋਰੈਂਟ ਵਿਚ ਖਾਣਾ ਖਾਧਾ ਸੀ, ਜਿਸ ਲਈ ਬਿੱਲ ਦਾ ਭੁਗਤਾਨ ਇਕ ਪ੍ਰਸ਼ੰਸਕ ਨੇ ਭੁਗਤਾਨ ਕੀਤਾ ਸੀ, ਜਿਸ ਤੋਂ ਬਾਅਦ ਇਹ ਖਬਰਾਂ ਆਈਆਂ ਸਨ ਕਿ ਇਨ੍ਹਾਂ 5 ਖਿਡਾਰੀਆਂ ਨੇ ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ। ਪਰ ਸਾਰੇ ਭਾਰਤੀ ਖਿਡਾਰੀਆਂ ਅਤੇ ਸਟਾਫ ਦੀ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਭਾਰਤੀ ਖੇਮੇ ਨੇ ਰਾਹਤ ਦੀ ਸਾਹ ਲਿਆ ਹੈ। ਭਾਰਤ ਨੇ ਬ੍ਰਿਸਬੇਨ ਵਿਚ 15 ਫਰਵਰੀ ਨੂੰ ਹੋਣ ਵਾਲੇ ਚੌਥੇ ਅਤੇ ਆਖ਼ਰੀ ਟੈਸਟ ਲਈ ਬ੍ਰਿਸਬੇਨ ਨਾ ਜਾਣ ਦੀ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ , ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਬੋਰਡ ਬ੍ਰਿਸਬੇਨ ਵਿਚ ਖੇਡਣ ਲਈ ਸਹਿਮਤ ਹਨ।ਆਸਟਰੇਲੀਆਈ ਖੇਮੇ ਵਿਚ ਖਤਰਨਾਕ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਵਾਪਸੀ ਨਾਲ ਉਤਸ਼ਾਹ ਦਾ ਮਾਹੌਲ ਬਣ ਗਿਆ ਹੈ। ਕੰਗਾਰੂ ਟੀਮ ਮੈਲਬੌਰਨ ਦੀ ਹਾਰ ਤੋਂ ਕਾਫੀ ਸਬਕ ਲੈ ਰਹੀ ਹੈ ਪਰ ਵਾਰਨਰ ਨੂੰ ਸਿਡਨੀ ਟੈਸਟ ਲਈ ਟੀਮ ਨਾਲ ਜੋਡ਼ਿਆ ਗਿਆ ਹੈ ਅਤੇ ਆਸਟਰੇਲੀਆਈ ਟੀਮ ਪ੍ਰਬੰਧਨ ਉਸ ਨੂੰ ਹਰ ਹਾਲ ਵਿਚ ਤੀਸਰੇ ਟੈਸਟ ਵਿਚ ਖਿਡਾਉਣ ਲਈ ਜੀਅ-ਜਾਨ ਲਾ ਰਹੀ ਹੈ। ਚਾਹੇ ਉਹ ਪੂਰੀ ਤਰ੍ਹਾਂ ਫਿੱਟ ਹੋਵੇ ਜਾਂ ਨਾ। ਵਾਰਨਰ ਲੱਕ ਦੀ ਸੱਟ ਕਾਰਨ ਪਹਿਲੇ ਦੋ ਟੈਸਟਾਂ ਵਿਚੋਂ ਬਾਹਰ ਰਹੇ ਹਨ। ਭਾਰਤੀ ਟੀਮ ਜਿਥੇ ਮੈਲਬੌਰਨ ਦੀ ਜਿੱਤ ਨਾਲ ਮਨੋਬਲ ਦੇ ਨਵੇਂ ਅਸਮਾਨ ’ਤੇ ਹੈ ਉਥੇ ਹੀ ਆਸਟ੍ਰੇਲੀਆਈ ਸਿਡਨੀ ਵਿਚ ਵਾਪਸੀ ਕਰਨਾ ਚਾਹੁੰਦਾ ਹੈ, ਜਿਥੇ ਉਸ ਦਾ ਸ਼ਾਨਦਾਰ ਰਿਕਾਰਡ ਵੀ ਹੈ। ਭਾਰਤ ਨੇ ਸਿਡਨੀ ਵਿਚ ਸਿਰਫ਼ 1 ਵਾਰ 1978 ਵਿਚ ਜਿੱਤ ਹਾਸਲ ਕੀਤੀ ਸੀ ਅਤੇ ਉਸ ਨੂੰ ਇਸ ਮੈਦਾਨ ’ਤੇ ਪਿਛਲੇ 43 ਸਾਲਾਂ ਤੋਂ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਸਿਡਨੀ ਵਿਚ ਦੋਵੇਂ ਟੀਮਾਂ ਕੋਰੋਨਾ ਦੇ ਖਤਰੇ ਦਰਮਿਆਨ ਆਪਣੀ ਦਾਅਵੇਦਾਰੀ ਪੇਸ਼ ਕਰਨਗੀਆਂ। ਸਿਡਨੀ ਵਿਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਹੋਇਆ ਸੀ, ਇਸ ਲਈ ਇਸ ਮੁਕਾਬਲੇ ਵਿਚ ਦਰਸ਼ਕਾਂ ਦੀ ਗਿਣਤੀ ਵਿਚ ਕਟੌਤੀ ਕੀਤੀ ਗਈ ਹੈ। ਮੈਲਬੌਰਨ ਵਿਚ ਜਿਥੇ 50 ਫੀਸਦੀ ਦਰਸ਼ਕਾਂ ਨੂੰ ਇਜਾਜ਼ਤ ਦਿੱਤੀ ਗਈ ਸੀ ਉਥੇ ਹੀ ਸਿਡਨੀ ਵਿਚ 25 ਫੀਸਦੀ ਕਰ ਦਿੱਤੀ ਗਈ ਹੈ।