ਸਿਡਨੀ- ਕਲੇਅਰ ਪੋਲੋਸਾਕ ਵੀਰਵਾਰ ਤੋਂ ਭਾਰਤ ਅਤੇ ਆਸਟਰੇਲੀਆ ਦੇ ਵਿਚ ਸਿਡਨੀ ’ਚ ਖੇਡੇ ਜਾਣ ਵਾਲੇ ਪੁਰਸ਼ਾਂ ਦੇ ਟੈਸਟ ਮੈਚ ’ਚ ਅੰਪਾਇਰਿੰਗ ਕਰਨ ਵਾਲੀ ਪਹਿਲੀ ਬੀਬੀ ਮੈਚ ਅਧਿਕਾਰੀ ਬਣੇਗੀ। ਆਸਟਰੇਲੀਆ ਦੇ ਨਿਊ ਸਾਊਥ ਵੇਲਸ ਦੀ 32 ਸਾਲ ਦੀ ਪੋਲੋਸਾਕ ਮੈਚ ’ਚ ਚੌਥੇ ਅੰਪਾਇਰਦੀ ਭੂਮਿਕਾ ’ਚ ਹੋਵੇਗੀ। ਉਹ ਇਸ ਤੋਂ ਪਹਿਲਾਂ ਪੁਰਸ਼ ਵਨ ਡੇ ਅੰਤਰਰਾਸ਼ਟਰੀ ਮੈਚ ’ਚ ਅੰਪਾਇਰਿੰਗ ਕਰਨ ਵਾਲੀ ਪਹਿਲੀ ਬੀਬੀ ਅੰਪਾਇਰ ਬਣਨ ਦੀ ਉਪਲੱਬਧੀ ਹਾਸਲ ਕਰ ਚੁੱਕੀ ਹੈ।ਉਨ੍ਹਾਂ ਨੇ 2019 ’ਚ ਨਾਮੀਬਿਆ ਅਤੇ ਓਮਾਨ ਦੇ ਵਿਚ ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ ਦੋ ਦੇ ਮੈਚਾਂ ’ਚ ਅੰਪਾਇਰਿੰਗ ਕੀਤੀ ਸੀ। ਭਾਰਤ ਅਤੇ ਆਸਟਰੇਲੀਆ ਦੇ ਵਿਚ ਚਾਰ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ’ਚ 2 ਸਾਬਕਾ ਤੇਜ਼ ਗੇਂਦਬਾਜ਼ ਪਾਲ ਰਿਫੇਲ ਅਤੇ ਪਾਲ ਵਿਲਸਨ ਮੈਦਾਨੀ ਅੰਪਾਇਰ ਦੀ ਭੂਮਿਕਾ ਨਿਭਾਊਣਗੇ, ਜਦਕਿ ਆਕਸੇਨਫੋਰਡ ਤੀਜੇ (ਟੈਲੀਵਿਜ਼ਨ) ਅੰਪਾਇਰ ਹੋਣਗੇ। ਟੈਸਟ ਮੈਚਾਂ ਦੇ ਲਈ ਆਈ. ਸੀ. ਸੀ. ਦੇ ਨਿਯਮਾਂ ਦੇ ਅਨੁਸਾਰ, ਚੌਥੇ ਅੰਪਾਇਰ ਨੂੰ ਘਰੇਲੂ ਕ੍ਰਿਕਟ ਬੋਰਡ ਵਲੋਂ ਆਪਣੇ ਆਈ. ਸੀ. ਸੀ. ਅੰਪਾਇਰਾਂ ਦੇ ਅੰਤਰਰਾਸ਼ਟਰੀ ਪੈਨਲ ’ਚੋਂ ਨਿਯੁਕਤ ਕੀਤਾ ਜਾਂਦਾ ਹੈ। ਪੋਲੋਸਾਕ ਇਸ ਦੇ ਨਾਲ ਹੀ ਆਸਟਰੇਲੀਆ ’ਚ 2017 ਵਿਚ ਪੁਰਸ਼ਾਂ ਦੇ ਘਰੇਲੂ ਲਿਸਟ ਏ ਮੈਚ ’ਚ ਅੰਪਾਇਰਿੰਗ ਕਰਨ ਵਾਲੀ ਪਹਿਲੀ ਬੀਬੀ ਹੈ।