ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਚੋਣਾਂ ਵਿੱਚ ਈਵੀਐੱਮਜ਼ ਦੀ ਵਰਤੋਂ ਰੋਕਣ ਸਬੰਧੀ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਸਬੰਧੀ ਦਾਖ਼ਲ ਇੱਕ ਅਪੀਲ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ ਪਹਿਲਾਂ ਹਾਈ ਕੋਰਟ ’ਚ ਜਾਇਆ ਜਾਵੇ। ਇਹ ਅਪੀਲ ਕੰਨਿਆਕੁਮਾਰੀ ਦੀ ਐਡਵੋਕੇਟ ਸੀ ਆਰ ਜਯਾ ਸੁਕਿਨ ਵੱਲੋਂ ਦਾਖ਼ਲ ਕੀਤੀ ਗਈ ਸੀ। ਚੀਫ਼ ਜਸਟਿਸ ਐੱਸ ਏ ਬੋਬੜੇ, ਜਸਟਿਸ ਏ ਐੱਸ ਬੋਪੰਨਾ ਤੇ ਜਸਟਿਸ ਵੀ ਰਾਮਾਸੁਬਰਾਮਨੀਅਨ ਦੇ ਬੈਂਚ ਨੇ ਇਸ ਮਾਮਲੇ ’ਤੇ ਸੁਣਵਾਈ ਕੀਤੀ। ਇਸ ਮੌਕੇ ਅਪੀਲਕਰਤਾ ਨੇ ਦਲੀਲ ਦਿੱਤੀ ਕਿ ਵੋਟ ਪਾਉਣਾ ਬੁਨਿਆਦੀ ਅਧਿਕਾਰ ਹੈ ਤੇ ਚੋਣ ਕਮਿਸ਼ਨ ਵੱਲੋਂ ਈਵੀਐੱਮਜ਼ ਦੀ ਵਰਤੋਂ ਰਾਹੀਂ ਉਨ੍ਹਾਂ ਦੇ ਅਧਿਕਾਰ ’ਤੇ ਡਾਕਾ ਵੱਜ ਰਿਹਾ ਹੈ। ਇਸ ’ਤੇ ਬੈਂਚ ਨੇ ਸੁਆਲ ਕੀਤਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਕਿ ਵੋਟਿੰਗ ਬੁਨਿਆਦੀ ਅਧਿਕਾਰ ਹੈ। ਬੈਂਚ ਨੇ ਕਿਹਾ ਕਿ ਇਹ ਅਪੀਲ ਵਾਪਸ ਲੈ ਕੇ ਪਹਿਲਾਂ ਹਾਈ ਕੋਰਟ ਜਾਵੇ।