ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਅੱਜ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦਹਾਕੇ ਦੀ ਇਕ ਦਿਨਾ ਤੇ ਟੀ-20 ਟੀਮ ਦਾ ਕਪਤਾਨ ਐਲਾਨਿਆ ਹੈ ਜਦਕਿ ਵਿਰਾਟ ਕੋਹਲੀ ਟੈਸਟ ਟੀਮ ਦਾ ਕਪਤਾਨ ਬਣਿਆ ਹੈ। ਆਈਸੀਸੀ ਦੀ ਸੀਮਤ ਓਵਰਾਂ ਦੀ ਖੇਡ ਵਿਚ ਭਾਰਤੀ ਖਿਡਾਰੀਆਂ ਦਾ ਦਬਦਬਾ ਰਿਹਾ, ਦੂਜੇ ਪਾਸੇ ਟੈਸਟ ਟੀਮ ਵਿਚ ਇੰਗਲੈਂਡ ਦੇ ਚਾਰ ਖਿਡਾਰੀਆਂ ਨੂੰ ਥਾਂ ਮਿਲੀ ਹੈ। 39 ਸਾਲਾ ਧੋਨੀ ਨੇ ਇਸੇ ਸਾਲ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਧੋਨੀ ਤੋਂ ਇਲਾਵਾ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਟੀ-20 ਟੀਮ ਦਾ ਹਿੱਸਾ ਬਣੇ ਹਨ। ਹੁਣ ਪਹਿਲੀ ਵਾਰ ਕ੍ਰਿਕਟ ਪ੍ਰਸੰਸਕਾਂ ਦੀਆਂ ਵੋਟਾਂ ਦੇ ਆਧਾਰ ’ਤੇ ਸਰਵੋਤਮ ਖਿਡਾਰੀਆਂ ਦੀ ਚੋਣ ਹੋਈ ਹੈ।