ਨਵੀਂ ਦਿੱਲੀ – ਸਿੰਘੂ ਬਾਰਡਰ ਦੇ ਦੂਜੇ ਦੌਰੇ ਮੌਕੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਮੰਤਰੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਕਿਸਾਨਾਂ ਨਾਲ ਬਹਿਸ ਕਰ ਕੇ ਦੇਖ ਲੈਣ, ਇਸ ਤੋਂ ਸਾਫ਼ ਹੋ ਜਾਵੇਗਾ ਕਿ ਤਿੰਨਾਂ ਕਾਨੂੰਨਾਂ ਨਾਲ ਫ਼ਾਇਦਾ ਹੋਵੇਗਾ ਜਾਂ ਨੁਕਸਾਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਆਗੂ ਇਹ ਨਹੀਂ ਦੱਸ ਸਕੇ ਹਨ ਕਿ ਕਿਸਾਨਾਂ ਨੂੰ ਫ਼ਾਇਦਾ ਕੀ ਹੋਵੇਗਾ ਪਰ ਉਹ ਇਹੀ ਆਖ ਰਹੇ ਹਨ ਕਿ ਨੁਕਸਾਨ ਨਹੀਂ ਹੋ ਰਿਹਾ। ਮੁੱਖ ਮੰਤਰੀ ਮੁਤਾਬਕ ਕੇਂਦਰ ਸਰਕਾਰ ਕੁੱਝ ਪੂੰਜੀਪਤੀਆਂ ਨਾਲ ਖੜ੍ਹੀ ਹੈ ਅਤੇ ਫਾਇਦਾ ਉਨ੍ਹਾਂ ਦਾ ਹੀ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੋ ਹਿੱਸਿਆਂ ’ਚ ਵੰਡਿਆ ਗਿਆ ਹੈ, ਇਕ ਪਾਸੇ ਕੁੱਝ ਪੂੰਜੀਪਤੀ ਹਨ ਜਦਕਿ ਦੂਜੇ ਪਾਸੇ ਦੇਸ਼ ਦੇ ਕਿਸਾਨ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੜਾਕੇ ਦੀ ਠੰਢ ਦੌਰਾਨ ਕਿਸਾਨ ਜੱਦੋਜਹਿਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਫ਼ਸਲ 800 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਜਦਕਿ ਘੱਟੋ-ਘੱਟ ਭਾਅ 1850 ਰੁਪਏ ਹੈ। ਗੁਰੂ ਤੇਗ਼ ਬਹਾਦਰ ਸਮਾਰਕ ’ਤੇ ਪੰਜਾਬੀ ਅਕਾਦਮੀ ਦੇ ‘ਸਫ਼ਰ-ਏ-ਸ਼ਹਾਦਤ’ ਕੀਰਤਨ ਦਰਬਾਰ ਵਿੱਚ ਸ਼ਿਰਕਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕਿਸਾਨ ਆਪਣੀ ਹੋਂਦ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਖੋਹੇ ਜਾਣ ਦਾ ਡਰ ਹੈ। ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਕਿਸਾਨਾਂ ਦੀ ਮੰਗਾਂ ਮੰਨਦਿਆਂ ਕਾਨੂੰਨ ਵਾਪਸ ਲੈ ਲਏ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਆਮਦਨ ਦਾ ਇੱਕੋ-ਇਕ ਸਾਧਨ ਖੇਤੀ ਹੈ ਤੇ ਜੇ ਉਹ ਵੀ ਚਲਿਆ ਗਿਆ ਤਾਂ ਕਿਸਾਨ ਕੋਲ ਕੁੱਝ ਨਹੀਂ ਬਚੇਗਾ।