ਰੂਪਨਗਰ ,23 ਜੁਲਾਈ 2020 : ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਦੋਰਾਨ ਬੰਦ ਹੋਏ ਸਕੂਲਾਂ ਕਰਕੇ ਅੱਜ ਕੱਲ੍ਹ ਬੱਚੇ ਘਰਾਂ ਵਿੱਚ ਰਹਿ ਕੇ ਹੀ ਆਨਾਲਈਨ ਕਲਾਸਾਂ ਅਤੇ ਵਾਟਸਐਪ ਰਾਹੀ ਪੜ੍ਹਾਈ ਕਰ ਰਹੇ ਹਨ ਤਾਂ ਕਿ ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ ਅਤੇ ਬੱਚਿਆਂ ਦੇ ਸਮੇਂ ਦਾ ਸਦਉਪਯੋਗ ਹੋ ਸਕੇ ਪਰੰਤੂ ਇਸ ਨਵੇਂ ਪ੍ਰਚਲਨ ਨੇ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ।
ਰਜਿੰਦਰ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਇਨ੍ਹਾਂ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ”ਇੰਡੀਆ ਚਾਈਲਡ ਪ੍ਰੋਟੈਕਸ਼ਨ ਫੰਡ” ਵੱਲੋ ਕੀਤੇ ਗਏ ਸਰਵੇ ਤੋ ਪਾਇਆ ਗਿਆ ਕਿ ਬੀਤੇ ਸਮੇਂ ਦੌਰਾਨ ਭਾਰਤ ਅਤੇ ਇਸਦੇ ਨਾਲ ਲਗਦੇ ਗੁਆਂਢੀ ਦੇਸ਼ਾਂ ਵਿੱਚ ਇੰਟਰਨੈਟ ਅਤੇ ਚਾਈਲਡ ਪ੍ਰੋਨੋਗ੍ਰਾਫੀ ਦੇਖਣ ਅਤੇ ਇਨ੍ਹਾਂ ਸਾਈਟਾਂ ਦੀ ਮੰਗ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ ਉਨ੍ਹਾਂ ਦੱਸਿਆ ਕਿ ਭਾਰਤ ਦੇ ਲੱਗਭਗ 100 ਸ਼ਹਿਰਾਂ ਵਿੱਚ ਕੀਤੇ ਗਏ ਸਰਵੇ ਦੌਰਾਨ ਇਹ ਪਾਇਆ ਗਿਆ ਕਿ ਲਾਕਡਾਊਨ ਦੌਰਾਨ ਗੂਗਲ ਅਤੇ ਹੋਰ ਸਰਚ ਇੰਜਨਾਂ ਤੇ ਚਾਈਲਡ ਪੋਰਨ ਅਤੇ ਟੀਨ ਸੈਕਸ ਵੀਡੀੳਜ਼ ਦੀ ਸਰਚ ਸਭ ਤੋਂ ਵੱਧ ਕੀਤੀ ਗਈ ਅਤੇ ਇਨ੍ਹਾਂ ਦੀ ਸਰਚ ਦਿਨ ਪ੍ਰਤੀ ਦਿਨ ਲਾਕਡਾਉਨ ਤੋ ਬਾਅਦ ਵੀ ਵੱਧ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਈ ਮੈਟਰੋ ਸ਼ਹਿਰਾਂ ਵਿੱਚ ਬੱਚਿਆਂ ਦਾ ਆਨਲਾਈਨ ਸੈਕਸ ਸ਼ੋਸ਼ਣ ਹੋਣ ਦੀਆਂ ਖਬਰਾਂ ਨੇ ਚਿੰਤਾ ਵਿੱਚ ਹੋਰ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਵੇ ਦੌਰਾਨ ਇਹ ਪਾਇਆ ਗਿਆ ਕਿ ਬਾਲ ਅਸ਼ਲੀਲਤਾ ਦੇ ਆਦੀ ਆਨਲਾਈਨ ਕਲਾਸਾਂ ਪੜ੍ਹ ਰਹੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਉਨਾਂ ਨੂੰ ਫਰੈਂਡ ਬਣਾਉਣ ਲਈ ਪਹਿਲਾਂ ਰਿਕੂਐਸਟ ਭੇਜਦੇ ਹਨ ਅਤੇ ਆਪਣੇ ਗਰੁੱਪ ਦਾ ਮੈਂਬਰ ਬਣਨ ਲਈ ਭਾਵਾਤਮਕ ਤੋਰ ਤੇ ਬਲੈਕਮੇਲ ਕਰਦੇ ਹਨ॥ਇਸ ਤੋ ਇਲਾਵਾ ਉਨਾਂ ਇਹ ਵੀ ਦੱਸਿਆ ਕਿ ਆਨ ਲਾਈਨ ਪੜ੍ਹਾਈ ਕਰ ਰਹੀਆਂ ਬੱਚੀਆਂ ਇਸ ਪ੍ਰਚਲਨ ਦਾ ਸਭ ਤੋ ਵੱਧ ਸ਼ਿਕਾਰ ਹੋ ਰਹੀਆਂ ਹਨ ਕਿਉ ਜ਼ੋ ਉਕਤ ਵਿਅਕਤੀ ਬੱਚੀਆਂ ਨੂੰ ਆਨਲਾਈਨ ਦੋਸਤ ਬਣਾ ਕੇ ਉਨਾਂ ਨੂੰ ਸੈਕਸ਼ੁਅਲ ਫੋਟੋਆਂ ਭੇਜਦੇ ਹਨ ਅਤੇ ਉਨਾਂ ਨੂੰ ਸੈਕਸੂਅਲ ਐਕਟੀਵੀਟੀਜ਼ ਦੀਆਂ ਫੋਟੋਆਂ ਬਣਾਉਣ ਜਾਂ ਆਨਲਾਈਨ ਸੈਕਸੂਅਲ ਐਕਟ ਕਰਨ ਲਈ ਲਲਚਾਉਦੇ ਹਨ ਅਤੇ ਬਾਅਦ ਵਿੱਚ ਇਹ ਫੋਟੋਆਂ ਅਤੇ ਵੀਡੀੳ ਰਿਕਾਰਡ ਸਟੋਰ ਕਰਕੇ ਅੱਗੇ ਵੱਖ ਵੱਖ ਪੋਰਨ ਸਾਈਟਾਂ ਨੂੰ ਭੇਜ਼ ਦਿੰਦੇ ਹਨ ਅਤੇ ਇਸ ਤਰ੍ਹਾਂ ਬੱਚਿਆਂ ਦਾ ਅੱਗੇ ਵੀ ਸ਼ੋਸ਼ਣ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਉਕਤ ਸ਼ੋਸ਼ਣ ਦੀ ਤਾਜਾ ਉਦਾਹਰਣ ਦਿੱਲੀ ਵਿਖੇ ਫੜੇ ਗਏ ਬੁਆਏਜ਼ ਲਾਕਰ ਰੂਮ ,ਵਾਟਸਐਪ ਚੈਟ ਗਰੁੁੱਪ ਤੋਂ ਲਈ ਜਾ ਸਕਦੀ ਹੈ ਉਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਆਏ ਪੱਤਰ ਅਨੁਸਾਰ ਉਕਤ ਸਰਵੇ ਦੌਰਾਨ ਸਾਹਮਣੇ ਆਏ ਤੱਥਾਂ ਤੇ ਚਿੰਤਾ ਵਿਅਕਤ ਕੀਤੀ ਗਈ ਹੈ ਅਤੇ ਸਰਕਾਰ ਵੱਲੋ ਇੰਟਰਨੈਟ ਦੀ ਵਰਤੋ ਕਰ ਰਹੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਉਕਤ ਸਮੱਸਿਆ ਤੋ ਸੁਚੇਤ ਕਰਨ ਦੀ ਅਪੀਲ ਕੀਤੀ ਗਈ ਹੈ।ਉਨ੍ਹਾਂ ਆਨਲਾਈਨ ਪੜਾਈ ਕਰ ਰਹੇ ਬੱਚਿਆਂ ਦੇ ਮਾਪਿਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਤਾਕੀਦ ਕੀਤੀ ਹੈ ਕਿ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਦੇਣ ਤੋ ਬਾਅਦ ਮਾਪੇ ਅਵੇਸਲੇ ਨਾ ਹੋ ਜਾਣ ਸਗੋ ਉਨਾਂ ਦਾ ਧਿਆਨ ਵੀ ਰੱਖਣ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਅਤੇ ਸਮੂਹ ਸਕੂਲ ਮੁਖੀਆਂ ਨੂੰ ਬੇਨਤੀ ਕਰਦੇ ਹੋਏ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਪੜ੍ਹਾਈ ਕਰਵਾ ਰਹੇ ਅਧਿਆਪਕਾਂ ਨੂੰ ਹਦਾਈਤਾਂ ਦੇਣ ਕਿ ਬੱਚਿਆਂ ਅਤੇ ਮਾਪਿਆਂ ਨੂੰ ਉਕਤ ਵਿਸ਼ੇ ਦੇ ਸੰਬੰਧ ਵਿੱਚ ਵੀ ਜਾਗਰੁਕ ਕਰਨ ਤਾਂ ਜ਼ੋ ਅਨ-ਸੁਖਾਵੀ ਘਟਨਾ ਤੋ ਬਚਿਆ ਜਾ ਸਕੇ।