ਪੰਜਾਬ ਦੇ ਡੀਜੀ ਪੀ ਵੱਲੋਂ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਦਫਤਰ ਪੁੱਜਣ ਦੀ ਹਦਾਇਤ
ਚੰਡੀਗੜ੍ਹ, 28 ਮਈ, 2020 : ਪੰਜਾਬ ਦੇ ਡੀ ਜੀ ਪੀ ਨੇ ਪੰਜਾਬ ਪੁਲਿਸ ਹੈਡਕੁਆਰਟਰ ਸੈਕਟਰ 9 ਚੰਡੀਗੜ੍ਹ ਅਤੇ ਚੰਡੀਗੜ੍ਹ ਤੇ ਮੁਹਾਲੀ ਵਿਚਲੇ ਸੂਬਾ ਪੱਧਰ ਦੇ ਦਫਤਰਾਂ ਵਿਚ ਤਾਇਨਾਤ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਦਫਤਰ ਪੁੱਜਣ ਦੀ ਹਦਾਇਤ ਕੀਤੀ ਹੈ।
ਵੱਖ ਵੱਖ ਵਿੰਗਾਂ ਦੇ ਮੁਖੀਆਂ ਨੂੰ ਲਿਖੇ ਪੱਤਰ ਵਿਚ ਡੀ ਜੀ ਪੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਸੂਬੇ ਵਿਚ ਸਾਰੇ ਸਰਕਾਰੀ ਦਫਤਰ ਸਾਰੇ ਕੰਮਕਾਜ ਵਾਲੇ ਦਿਨਾਂ ਨੂੰ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਖੁਲ੍ਹੇ ਰਹਿਣਗੇ। ਉਹਨਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਕੁਝ ਅਫਸਰ ਤੇ ਹੋਰ ਪੁਲਿਸ ਮੁਲਾਜ਼ਮ ਰਾਜ ਸਰਕਾਰ ਦੇ ਹੁਕਮਾਂ ਅਨੁਸਾਰ ਦਫਤਰਾਂ ਵਿਚ ਨਹੀਂ ਆ ਰਹੇ। ਕਈ ਅਫਸਰ ਤਾਂ ਲੇਟ ਆਉਂਦੇ ਪਾਏ ਗਏ ਹਨ ਜੋ ਸਹੀ ਨਹੀਂ ਹੈ ਖਾਸ ਤੌਰ ‘ਤੇ ਉਦੋਂ ਜਦੋਂ ਕਰਫਿਊ ਤੇ ਲਾਕ ਡਾਊਨ ਕਾਰਨ ਦਫਤਰ ਲੰਬਾ ਸਮਾਂ ਬੰਦ ਰਹਿਣ ਮਗਰੋਂ ਖੁਲ੍ਹੇ ਹਨ ਤੇ ਸਰਕਾਰ ਦਾ ਕੰਮਕਾਜ ਬਹੁਤ ਪ੍ਰਭਾਵਤ ਹੋਇਆ ਹੈ।
ਉਹਨਾਂ ਕਿਹਾ ਕਿ ਜੇਕਰ ਕੋਈ ਅਫਸਰ ਜਾਂ ਅਧਿਕਾਰੀ ਕਿਸੇ ਅਚਨਚੇਤ ਐਮਰਜੰਸੀ ਕਾਰਨ ਨਹੀਂ ਆ ਸਕਦਾ ਤਾਂ ਫਿਰ ਕੈਜ਼ੁਅਲ ਲੀਵ ਲਈ ਜਾਵੇ। ਬਿਨਾਂ ਦਫਤਰੀ ਕੰਮਕਾਜ ਦੇ ਦਫਤਰ ਵਿਚੋਂ ਥੋੜ੍ਹੇ ਥੋੜ੍ਹੇ ਸਮੇਂ ਲਈ ਗਾਇਬ ਰਹਿਣਾ ਵਾਜਬ ਨਹੀਂ ਤੇ ਅਜਿਹੀ ਛੁੱਟੀ ਸਿਰਫ ਜ਼ਰੂਰੀ ਤੇ ਜਾਇਜ਼ ਆਧਾਰ ‘ਤੇ ਵਿੰਗ ਦੇ ਮੁਖੀ ਤੋਂ ਪ੍ਰਵਾਨਤ ਕਰਵਾਈ ਜਾਵੇ।