ਫਰੀਦਕੋਟ 19 ਜੂਨ – ਪੰਛੀਆਂ ਦੀ ਗਿਣਤੀ ਵਧਾਉਣ ਲਈ ਪੰਛੀ ਵਿਗਿਆਨ ਦੇ ਆਧਾਰ ‘ਤੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀ ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡਜ਼ ਸੁਸਾਇਟੀ ‘ਬੀੜ’ ਦੀ ਮੁਹਿੰਮ ਵਿਚ ਉੱਘੇ ਗਾਇਕ ਨਿਰਮਲ ਸਿੱਧੂ ਸ਼ਾਮਲ ਹੋ ਗਏ ਨੇ। ਉਨ੍ਹਾਂ ਪਿੰਡ ਟਹਿਣੇ ਵਿਖੇ ਆਪਣੇ ਗ੍ਰਹਿ ਤੋਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਸ਼ਬਦ ਦਾ ਗਾਇਨ ਕਰਕੇ ਮੁਹਿੰਮ ਦਾ ਆਗਾਜ਼ ਕੀਤਾ। ਮੁਹਿੰਮ ਦੌਰਾਨ ਬੀੜ ਸੁਸਾਇਟੀ ਦੇ ਵਲੰਟੀਅਰਾਂ ਦੁਆਰਾ ਘਰ ਵਿਚ ਅਤੇ ਆਸ ਪਾਸ ਢੁੱਕਵੀਆਂ ਥਾਵਾਂ ‘ਤੇ ਮਿੱਟੀ ਦੇ ਆਲ੍ਹਣੇ ਲਾਏ।
ਬੀੜ ਸੁਸਾਇਟੀ ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਨੇ ਲੋਕ ਗਾਇਕ ਨਿਰਮਲ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਗਾਇਕੀ ਅਤੇ ਕਾਰਜਾਂ ਵਿਚ ਵਾਤਾਵਰਨ ਪ੍ਰੇਮ ਝਲਕਦਾ ਹੈ। ਉਨ੍ਹਾਂ ਨੇ ਘਰ ਦੇ ਅੰਦਰ ਅਤੇ ਆਸ-ਪਾਸ ਹਰਿਆਵਲ ਭਰੇ ਮਾਹੌਲ ਵਿਕਸਤ ਕਰਨ ਲਈ ਵੀ ਸਿੱਧੂ ਸਾਹਿਬ ਦਾ ਧੰਨਵਾਦ ਕੀਤਾ। ਨਿਰਮਲ ਸਿੱਧੂ ਨੇ ਬੀੜ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੁਦਰਤ ਦੀ ਸਾਂਭ ਸੰਭਾਲ ਕਰਨ ਲਈ ਬੀੜ ਸੁਸਾਇਟੀ ਨਾਲ ਕਾਰਜ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜਲਦ ਹੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਸਟੂਡੀਓ ਰਿਕਾਰਡ ਕਰਵਾ ਰਹੇ ਨੇ। ਇਸ ਦੌਰਾਨ ਬੀੜ ਸੁਸਾਇਟੀ ਤੋਂ ਕੁਲਦੀਪ ਸਿੰਘ ਪੁਰਬਾ, ਜ਼ੀਆ ਗਿੱਲ, ਪੰਛੀ ਮਾਹਰ ਸ਼ੰਕਰ ਸ਼ਰਮਾ, ਸੀਨੀਅਰ ਪੱਤਰਕਾਰ ਅਮਨਦੀਪ ਲੱਕੀ, ਸਚਿਨ ਛਾਬੜਾ, ਗੁਰਬਿੰਦਰ ਸਿੰਘ ਸਿੱਖਾਂਵਾਲ਼ਾ, ਪ੍ਰੇਮਪਾਲ ਸਿੰਘ ਮਹਿਲ ਅਤੇ ਗੁਰਪ੍ਰੀਤ ਸਿੰਘ ਸਾਗੂ ਨੇ ਆਲ੍ਹਣੇ ਲਾਉਣ ਦੇ ਕਾਰਜ ਕੀਤੇ।