ਸਰੀ, 28 ਮਈ, 2020- ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੋਹਨ ਹੌਰਗਨ ਨੇ ਅੱਜ ਕਿਹਾ ਹੈ ਕਿ ਸਰੀ ਵਿੱਚ ਲੋਕਾਂ ਦੀ ਸਿਹਤ ਸਹੂਲਤ ਲਈ 6830 ਕਿੰਗ ਜੋਰਜ ਬੁਲੇਵਰਡ ਵਿਖੇ ਦੂਸਰਾ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (ਯੂ ਪੀ ਸੀ ਸੀ) ਖੋਲ੍ਹਿਆ ਗਿਆ ਹੈ ਜਿੱਥੋਂ ਸਰੀ ਨਿਊਟਨ ਦੇ ਵਸਨੀਕ ਸਿਹਤ ਸਬੰਧੀ ਜ਼ਰੂਰੀ ਅਤੇ ਮੁੱਢਲੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ। ਇਹ ਕੇਅਰ ਸੈਂਟਰ ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਲਾਭਦਾਇਕ ਹੋਵੇਗਾ ਜਿਨ੍ਹਾਂ ਨੂੰ ਤੁਰੰਤ ਮੈਡੀਕਲ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ ਪਰ ਕਿਸੇ ਐਮਰਜੈਂਸੀ ਵਿਭਾਗ ਵਿਚ ਜਾਣ ਦੀ ਲੋੜ ਨਹੀਂ ਹੁੰਦੀ।
ਇਹ ਕੇਅਰ ਸੈਂਟਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸ਼ਾਮ 9 ਵਜੇ ਤੱਕ ਅਤੇ ਸਨਿੱਚਰਵਾਰ ਤੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਤੱਕ ਸੇਵਾਵਾਂ ਪ੍ਰਦਾਨ ਕਰਦਾ ਹੈ। ਜੁਲਾਈ ਤੋਂ ਇਹ ਕੇਂਦਰ ਲੰਬੇ ਸਮੇਂ ਦੀਆਂ ਯੋਜਨਾਬੱਧ ਪ੍ਰਾਇਮਰੀ ਕੇਅਰ ਸੇਵਾਵਾਂ ਅਤੇ ਜ਼ਰੂਰੀ ਪ੍ਰਾਇਮਰੀ ਦੇਖਭਾਲ ਸੇਵਾਵਾਂ ਰੋਜ਼ਾਨਾ 12 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਮੁਹੱਈਆ ਕਰਵਾਏਗਾ। ਇਸ ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰ ਤੋਂ ਉਹ ਲੋਕ ਮੈਡੀਕਲ ਸੇਵਾਵਾਂ ਲੈ ਸਕਣਗੇ ਜਿਨ੍ਹਾਂ ਕੋਲ ਫੈਮਲੀ ਡਾਕਟਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਸਰੀ ਵਿਚ 90 ਹਜਾਰ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਆਪਣਾ ਫੈਮਿਲੀ ਡਾਕਟਰ ਨਹੀਂ ਹੈ।
ਜੋਹਨ ਹੌਰਗਨ ਨੇ ਬੀਸੀ ਵਿਚ ਸਟੇਟ ਸਿਵਲ ਐਮਰਜੈਂਸੀ ਦੋ ਹਫਤੇ ਹੋਰ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਦੇ ਨਾਲ ਸਿਹਤ ਮੰਤਰੀ ਐਂਡਰੀਅਨ ਡਿਕਸ ਵੀ ਮੌਜੂਦ ਸਨ।
ਇਸੇ ਦੌਰਾਨ ਸਰੀ-ਨਿਊਟਨ ਦੇ ਵਿਧਾਇਕ ਅਤੇ ਬੀਸੀ ਦੀ ਕਿਰਤ ਮੰਤਰੀ ਹੈਰੀ ਬੈਂਸ ਨੇ ਕਿਹਾ ਹੈ ਕਿ ਸਰੀ ਬੀ.ਸੀ. ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿਚੋਂ ਇਕ ਹੈ। ਇਹ ਨਵਾਂ ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰ ਸਰੀ ਮੈਮੋਰੀਅਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਮੰਗ ਨੂੰ ਦੂਰ ਕਰਨ ਵਿਚ ਸਹਾਇਤਾ ਕਰੇਗਾ।
ਸਰੀ-ਪਨੋਰਮਾ ਦੀ ਵਿਧਾਇਕ ਜਿਨੀ ਸਿਮਸ ਨੇ ਕਿਹਾ ਹੈ ਕਿ ਲੋਕਾਂ ਦੀ ਮੰਗ ਸੀ ਕਿ ਰੋਜ਼ਾਨਾ ਦੀਆਂ ਸਿਹਤ-ਸੰਭਾਲ ਜ਼ਰੂਰਤਾਂ ਲਈ ਹੋਰ ਸਰੋਤ ਪੈਦਾ ਕੀਤੇ ਜਾਣ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਸੈਂਟਰ ਇਸ ਖੇਤਰ ਦੇ ਲੋਕਾਂ ਨੂੰ ਲੋੜੀਂਦੀਆਂ ਸਿਹਤ ਦੇਖਭਾਲ ਸਹੂਲਤਾਂ ਪ੍ਰਦਾਨ ਹਿਤ ਆਪਣੀ ਜ਼ਿੰਮੇਵਾਰੀ ਨਿਭਾਵੇਗਾ।