ਚੰਡੀਗੜ੍ਹ, 28 ਮਈ – ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਆਗੂਆਂ ਵਲੋਂ ਦਰਜਾ ਚਾਰ ਕਰਮਚਾਰੀ ਦੀਆਂ ਮੰਗਾਂ ਸਬੰਧੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨਾਲ ਅਨਾਜ ਭਵਨ ਸੈਕਟਰ 39-ਸੀ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ, ਜਿਸ ਵਿਚ ਵਿਭਾਗ ਦੇ ਉਚ ਅਧਿਕਾਰੀ ਪ੍ਰਮੁੱਖ ਸਕੱਤਰ ਕੇ.ਏ.ਪੀ ਸਿਨਹਾ ਆਈ ਏ ਐਸ, ਡਾਇਰੈਕਟਰ ਸ਼੍ਰੀਮਤੀ ਅਨਦਿੱਤਿਆ ਮਿਤਰਾ ਆਈ.ਏ.ਐਸ, ਸਹਾਇਕ ਡਾਇਰੈਕਟਰ ਡਾ. ਅੰਜੂਮਾਨ ਭਾਸਕਰ, ਵਿੱਤ ਡਾਇਰੈਕਟਰ ਸ਼੍ਰੀ ਸਰਵੇਸ਼ ਕੁਮਾਰ, ਗੁਰਕੀਰਤ ਸਿੰਘ, ਸ਼੍ਰੀਮਤੀ ਸਵੀਟੀ ਦੇਵਗਨ, ਸੁਪਰਡੈਂਟ ਗੁਰਦੀਪ ਸਿੰਘ ਵਿਰਦੀ ਆਦਿ ਅਧਿਕਾਰੀਆਂ ਸ਼ਾਮਲ ਸਨ|
ਯੂਨੀਅਨ ਦੇ ਸੂਬਾ ਪ੍ਰਧਾਨ ਕੁਲਜੀਤ ਸਿੰਘ ਬੰਬੀਹਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ 124 ਰੈਗੂਲਰ ਚੌਂਕੀਦਾਰਾਂ ਨੂੰ ਜੀ.ਪੀ.ਐਫ. ਨੰਬਰ ਜਾਰੀ ਕਰਨ ਬਾਰੇ, ਤਰਸ ਦੇ ਆਧਾਰ ਤੇ ਮ੍ਰਿਤਕ ਪਰਿਵਾਰ ਨੂੰ ਨੌਕਰੀ, ਮਿਤੀ 1 ਮਾਰਚ 2019 ਤੋਂ ਬਾਅਦ ਸੇਵਾ ਮੁਕਤ ਹੋਏ ਆਰਜੀ ਪੀ.ਆਰ ਚੌਂਕੀਦਾਰ ਪੈਨਸ਼ਨਰੀ ਲਾਭ ਦੇਣ ਲਈ ਅਤੇ ਘਰੇਲੂ ਜਿਲ੍ਹਿਆਂ ਵਿਚ ਪੋਸਟਾਂ ਤਬਦੀਲ ਕਰਨ ਸਬੰਧੀ ਵਿੱਤ ਮੰਤਰੀ ਨਾਲ ਮੀਟਿੰਗ ਕਰਕੇ ਉਕਤ ਮੰਗਾਂ ਦਾ ਫੈਸਲਾ ਤੁਰੰਤ ਕੀਤਾ ਜਾਵੇਗਾ| ਇਸ ਤੋਂ ਇਲਾਵਾ 5 ਆਰਜੀ ਪੀ.ਆਰ. ਚੌਂਕੀਦਾਰਾਂ ਨੂੰ ਤੁਰੰਤ ਰੈਗੂਲਰ ਕਰਨ ਦੇ ਹੁਕਮ ਜਾਰੀ ਕੀਤੇ ਗਏ| ਬਾਕੀ ਰਹਿੰਦੇ 48 ਕਰਮਚਾਰੀਆਂ ਨੂੰ ਮਿਤੀ 31 ਦਸੰਬਰ 2020 ਤੋਂ ਪਹਿਲਾਂ ਖਾਲੀ ਹੋਣ ਵਾਲੀਆਂ ਅਸਾਮੀਆਂ ਵਿਰੁੱਧ ਰੈਗੂਲਰ ਕੀਤਾ ਜਾਵੇਗਾ|
ਉਹਨਾਂ ਦੱਸਿਆ ਕਿ ਇਸ ਮੌਕੇ ਸਿਕਿਊਰਟੀ ਗਾਰਡਾਂ ਨੂੰ ਸਮੇਂ ਸਿਰ ਤਨਖਾਹ ਜਾਰੀ ਕਰਨ ਲਈ ਹੁਕਮ ਜਾਰੀ ਕੀਤੇ ਗਏ ਅਤੇ ਪਨਗਰੇਨ ਵਿਚ ਕੰਮ ਕਰਦੀਆਂ ਏਜੰਸੀਆਂ ਵੱਲੋਂ ਈ.ਪੀ.ਐਫ ਪੂਰਾ ਜਮ੍ਹਾਂ ਨਾ ਕਰਵਾਉਣ ਤੇ ਬਲੈਕ ਲਿਸਟ ਕਰਨ ਦਾ ਫੈਸਲਾ ਕੀਤਾ ਗਿਆ|
ਆਗੂਆਂ ਨੇ ਮੰਗ ਕੀਤੀ ਕਿ ਕਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਕਮੇ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ 50 ਲੱਖ ਰੁਪਏ ਬੀਮਾ ਸਕੀਮ ਅਧੀਨ ਲਿਆਂਦਾ ਜਾਵੇ| ਮੀਟਿੰਗ ਵਿਚ ਕੁਲਜੀਤ ਸਿੰਘ ਬੰਬੀਹਾ, ਰਾਮ ਸਿੰਘ ਬਰਨਾਲਾ, ਨਿਰੰਜਣ ਲਾਲ ਮੁਕਸਤਰ, ਜਸਵਿੰਦਰ ਸਿੰਘ ਜੰਡਿਆਲਾ ਗੁਰੂਕਾ, ਬ੍ਰਿਸ਼ਭਾਨ ਤਪਾ,ਦਰਸ਼ਨ ਕੁਮਾਰ ਸ਼ਰਮਾ ਧਨੌਲਾ ਆਦਿ ਆਗੂ ਸ਼ਾਮਲ ਹੋਏ|