ਮੁੰਬਈ, 23 ਨਵੰਬਰ – ਮੁੰਬਈ ਵਿਚ ਅੱਜ ਇਕ 24 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ 135 ਵਿਅਕਤੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਘੋਡਪਦੇਵ ਇਲਾਕੇ ਵਿਚ ਮਹਾਰਾਸ਼ਟਰ ਰਿਹਾਇਸ਼ੀ ਅਤੇ ਖੇਤਰੀ ਵਿਕਾਸ ਅਥਾਰਟੀ ਕਾਲੋਨੀ ਵਿਚ ਨਿਊ ਹਿੰਦ ਮਿੱਲ ਕੰਪਾਊਂਡ ਵਿਚ ਸਥਿਤ ਇਮਾਰਤ ਦੀ ਤੀਜੀ ਮੰਜ਼ਿਲ ਤੇ ਸਵੇਰੇ 3 ਵਜ ਕੇ 40 ਮਿੰਟ ਤੇ ਲੱਗੀ।
ਇਸ ਥਾਂ ਤੇ ਸਰਕਾਰ ਨੇ ਲੋਕਾਂ ਮੁੱਖ ਰੂਪ ਨਾਲ ਮਿੱਲ ਮਜ਼ਦੂਰਾਂ ਨੂੰ ਫਲੈਟ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀਆਂ ਵੱਖ-ਵੱਖ ਮੰਜ਼ਿਲਾ ਤੋਂ ਘੱਟ ਤੋਂ ਘੱਟ 135 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ 9 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਅਕਤੀਆਂ ਵਿਚੋਂ 25 ਨੂੰ ਛੱਤ ਤੋਂ, 30 ਨੂੰ 15ਵੀਂ ਮੰਜ਼ਿਲ ਦੇ ਆਸਰਾ ਖੇਤਰ ਤੋਂ ਅਤੇ 80 ਵਿਅਕਤੀਆਂ ਨੂੰ 22ਵੀਂ ਮੰਜ਼ਿਲ ਦੇ ਆਸਰਾ ਖੇਤਰ ਤੋਂ ਕੱਢਿਆ ਗਿਆ।
ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ 5 ਫਾਇਰ ਬ੍ਰਿਗੇਡ ਗੱਡੀਆਂ ਅਤੇ ਤਿੰਨ ਪਾਣੀ ਦੇ ਟੈਂਕਰਾਂ ਨੂੰ ਘਟਨਾ ਵਾਲੀ ਥਾਂ ਤੇ ਭੇਜਿਆ ਗਿਆ ਅਤੇ ਸਵੇਰੇ 7 ਵਜ ਕੇ 20 ਮਿੰਟ ਤੱਕ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।