ਕੈਨਬਰਾ – ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਇੱਥੇ ਖੇਡੇ ਗਏ ਤੀਜੇ ਅਤੇ ਆਖਰੀ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਭਾਰਤ ਵੱਲੋਂ ਮਿਲੇ 303 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਟੀਮ 49.3 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ 289 ਦੌੜਾਂ ਹੀ ਬਣਾ ਸਕੀ। ਹਾਲਾਂਕਿ ਆਸਟਰੇਲੀਆ ਤਿੰਨ ਮੈਚਾਂ ਦੀ ਲੜੀ ’ਚ 2-1 ਨਾਲ ਜੇਤੂ ਰਿਹਾ ਹੈ। ਇਸੇ ਦੌਰਾਨ ਅੱਜ ਭਾਰਤ ਦੇ ਖੱਬੇ ਦੇ ਤੇਜ਼ ਗੇਂਦਬਾਜ਼ ਥੰਗਾਰਾਸੂ ਨਟਰਾਜਨ ਅਤੇ ਆਸਟਰੇਲੀਆ ਦੇ ਕੈਮਰੌਨ ਗਰੀਨ ਨੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ।ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਕਪਤਾਨ ਵਿਰਾਟ ਕੋਹਲੀ ਦੀਆਂ 63, ਹਾਰਦਿਕ ਪਾਂਡਿਆ ਦੀਆਂ 92 ਤੇ ਰਵਿੰਦਰ ਜਡੇਜਾ ਦੀਆਂ 66 ਦੌੜਾਂ ਸਦਕਾ ਨਿਰਧਾਰਿਤ 50 ਓਵਰਾਂ ’ਚ 5 ਵਿਕਟਾਂ ਗੁਆ ਕੇ 302 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 33 ਤੇ ਸ਼ਿਖਰ ਧਵਨ ਨੇ 16 ਅਤੇ ਕੇਐੱਲ ਰਾਹੁਲ ਨੇ 5 ਦੌੜਾਂ ਦਾ ਯੋਗਦਾਨ ਦਿੱਤਾ। ਇਸ ਮਗਰੋਂ ਭਾਰਤ ਵੱਲੋਂ ਮਿਲੇ 302 ਦੌੜਾਂ ਦੇ ਟੀਚੇ ਦਾ ਪਿੱਛੇ ਕਰਦਿਆਂ ਆਸਟਰੇਲੀਆ ਦੀ ਟੀਮ 289 ’ਤੇ ਦੌੜਾਂ ’ਤੇ ਆਊਟ ਹੋ ਗਈ। ਭਾਰਤੀ ਗੇਂਦਬਾਜ਼ਾਂ ਨੇ ਅੱਜ ਆਸਟਰੇਲਿਆਈ ਬੱਲੇਬਾਜ਼ਾਂ ਨੂੰ ਪਿਛਲੇ ਮੈਚਾਂ ਵਾਂਗ ਖੁੱਲ੍ਹ ਕੇ ਨਾ ਖੇਡਣ ਦਿੰਦਿਆਂ ਪੂਰੀ ਟੀਮ ਨੂੰ 49.3 ਓਵਰਾਂ ’ਚ ਪਵੈਲੀਅਨ ਮੋੜ ਦਿੱਤਾ। ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ 75 ਤੇ ਗਲੈਨ ਮੈਕਸਵੈੱਲ ਨੇ 59 ਦੌੜਾਂ ਦੀ ਪਾਰੀ ਖੇਡੀ। ਮੋਇਸੇਸ ਹੈਨਰਿਕਸ 22, ਐਲੇਕਸ ਕੇਰੀ 38 ਤੇ ਐਸ਼ਟਨ ਅਗਰ ਨੇ 28 ਦੌੜਾਂ ਦਾ ਯੋਗਦਾਨ ਦਿੰਦਿਆਂ ਸੰਘਰਸ਼ ਕੀਤਾ ਪਰ ਉਹ ਟੀਮ ਨੂੰ ਜਿਤਾ ਨਾ ਸਕੇ। ਭਾਰਤ ਵੱਲੋਂ ਤੇਜ਼ ਗੇਦਬਾਜ਼ ਸ਼ਾਰਦੁਲ ਠਾਕੁਰ ਨੇ 3, ਜਸਪ੍ਰੀਤ ਬੁਮਰਾਹ ਅਤੇ ਟੀ. ਨਟਰਾਜਨ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਕੁਲਦੀਪ ਯਾਦਵ ਘਤੇ ਰਵਿੰਦਰ ਜਡੇਜਾ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤੀ ਖਿਡਾਰੀ ਹਾਰਦਿਕ ਪਾਂਡਿਆ ਨੂੰ ‘ਮੈਨ ਆਫ ਦਿ ਮੈਚ’ ਜਦਕਿ ਆਸਟਰੇਲੀਆ ਦੇ ਸਟੀਵਨ ਸਮਿਥ ਨੂੰ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ।