ਚੰਡੀਗੜ੍ਹ – ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਿਰਤ ਦੇ ਦੇਵਤਾ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਜੀ ਪੂਰੇ ਬ੍ਰਹਿਮੰਡ (ਸਿ੍ਰਸ਼ਟੀ) ਦੇ ਸ੍ਰੇਸ਼ਟ ਨਿਰਮਾਤਾ ਹਨ, ਜਿਨ੍ਹਾਂ ਨੂੰ ਸਨਅਤਾਂ ਵਿੱਚ ਕਿਰਤੀਆਂ ਵੱਲੋਂ ਵਰਤੀ ਜਾਂਦੀ ਮਸ਼ੀਨਰੀ ਅਤੇ ਸੰਦਾਂ ਦਾ ਮਾਲਿਕ ਮੰਨਿਆ ਜਾਂਦਾ ਹੈ। ਇਹ ਗੱਲ ਉਨ੍ਹਾਂ ਅੱਜ ਵਿਸ਼ਵਕਰਮਾ ਦਿਵਸ ਮੌਕੇ ਸਥਾਨਕ ਮਿਲਰ ਗੰਜ ਦੇ ਵਿਸ਼ਵਕਰਮਾ ਭਵਨ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਵਿਸ਼ਵਕਰਮਾ ਮੰਦਰ ਦੀ ਇਮਾਰਤ ਦੀ ਉਸਾਰੀ ਲਈ ੧੧ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਖਿੱਤੇ ਦਾ ਸਨਅਤੀ ਵਿਕਾਸ ਤਾਂ ਹੀ ਸੰਭਵ ਹੈ, ਜੇਕਰ ਉਥੇ ਸਨਅਤਾਂ ਨੂੰ ਵਿਕਸਤ ਕਰਨ ਲਈ ਬਾਬਾ ਵਿਸ਼ਵਕਰਮਾ ਦੀ ਜੀ ਸੋਚ ਨੂੰ ਲਾਗੂ ਕੀਤਾ ਜਾਵੇ ਅਤੇ ਸਨਅਤਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਬਣਦਾ ਸਤਿਕਾਰ ਅਤੇ ਮਿਹਨਤ ਦਾ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸਨਅਤਾਂ ਦੇ ਵਿਕਾਸ ਲਈ ਉਪਰਾਲੇ ਕਰ ਰਹੀ ਹੈ, ਉਥੇ ਹੀ ਮਜਦੂਰ ਅਤੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅਪੀਲ ਕਰਦਿਆਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦੁਆਰਾ ਦਰਸਾਏ ਰਾਹ ਤੇ ਚੱਲਦਿਆਂ, ਸੂਬੇ ਭਰ ਵਿਚ ਹੁਨਰ ਸਿਖਲਾਈ ਨੂੰ ਉਤਸ਼ਾਹਤ ਕਰਨਾ ਬਾਬਾ ਵਿਸ਼ਵਕਰਮਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਕਿ ਹਮੇਸ਼ਾਂ ਕਾਰੀਗਰਾਂ, ਮਜ਼ਦੂਰਾਂ ਅਤੇ ਮਜ਼ਦੂਰ ਜਮਾਤ ਨੂੰ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕੇਂਦਰ ਸਰਕਾਰ ਨੂੰ ਰੇਲ ਸੇਵਾ ਸ਼ੁਰੂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਾਲ ਗੱਡੀਆਂ ਨਾ ਚੱਲਣ ਕਰਕੇ ਪੰਜਾਬ ਦੇ ਉਦਯੋਗ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਦੇ ਨਾ ਚੱਲਣ ਕਾਰਨ ਇਕੱਲੇ ਲੁਧਿਆਣਾ ਅਤੇ ਜਲੰਧਰ ਦੇ ਉਦਯੋਗਾਂ ਨੂੰ ੨੨,੦੦੦ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਢੰਡਾਰੀ ਡਰਾਈ ਪੋਰਟ ਤੇ ਵੀ ੧੩,੫੦੦ ਤੋਂ ਵੱਧ ਕੰਟੇਨਰ ਪਏ ਹਨ ਜਿਨ੍ਹਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਭੇਜਿਆ ਨਹੀਂ ਜਾ ਸਕਿਆ।ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਅਤੇ ਸ੍ਰੀ ਸੁਰਿੰਦਰ ਡਾਵਰ ਨੇ ਲੋਕਾਂ ਨੂੰ, ਖ਼ਾਸਕਰ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਿਸ਼ਵਕਰਮਾ ਜੀ ਦੇ ਸੰਦੇਸ਼ ਅਨੁਸਾਰ ਆਪਣੇ ਪੇਸ਼ੇਵਰ ਹੁਨਰ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਟੈਕਨਾਲੋਜੀ ਅਤੇ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪੈਦਾ ਕੀਤੀਆਂ ਨਵੀਆਂ ਨੌਕਰੀਆਂ ਦੇ ਮੌਕੇ ਦਾ ਲਾਭ ਉਠਾਉਣ।ਪੰਜਾਬ ਰਾਜ ਮੱਧਮ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਟਿੱਕਾ ਨੇ ਸੂਬਾ ਸਰਕਾਰ ਨੂੰ ਵਿਸ਼ਵਕਰਮਾ ਭਵਨ ਦੇ ਨਿਰਮਾਣ ਲਈ ਪ੍ਰਬੰਧਕ ਕਮੇਟੀ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵਕਰਮਾ ਦਿਵਸ ਦੇ ਰਾਜ ਪੱਧਰੀ ਸਮਾਗਮ ਲਈ ਇਸ ਇਤਿਹਾਸਕ ਵਿਸ਼ਵਕਰਮਾ ਮੰਦਰ ਦੀ ਚੋਣ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਵਿਸ਼ਵਕਰਮਾ ਭਵਨ ਕਮੇਟੀ ਵੱਲੋਂ ਉਘੇ ਉਦਯੋਗਪਤੀਆਂ ਸ੍ਰੀ ਬਲਜਿੰਦਰ ਸਿੰਘ ਕਲਸੀ, ਸ੍ਰੀ ਸੁਰਿੰਦਰ ਸਿੰਘ ਰਿਆਤ, ਸ੍ਰੀ ਰਘਬੀਰ ਸਿੰਘ ਸੋਹਲ, ਡਾ: ਅਵਤਾਰ ਸਿੰਘ ਖਹਿਰੇ, ਸ੍ਰੀ ਹਰਵਿੰਦਰ ਸਿੰਘ ਚੱਗੜ, ਸ੍ਰੀ ਜਗਦੀਸ਼ ਸਿੰਘ ਕੁਲਾਰ, ਸ੍ਰੀ ਜਸਮੇਰ ਸਿੰਘ, ਨਿਰਮਲਜੀਤ ਸਿੰਘ, ਸ਼੍ਰੀ ਦਰਸ਼ਨ ਸਿੰਘ ਲੋਟੇ, ਕਸ਼ਮੀਰ ਸਿੰਘ, ਸ਼੍ਰੀ ਦਿਨੇਸ਼ ਸਿੰਘ ਭੋਗਲ, ਸ੍ਰੀ ਅਮਿ੍ਰਤਪਾਲ ਸਿੰਘ ਕਿ੍ਰਸਟਲ, ਸੁਰਜੀਤ ਸਿੰਘ ਚੱਗਰ ਨੂੰ ਵਿਸ਼ਵਕਰਮਾ ਅਵਾਰਡ ਨਾਲ ਸਨਮਾਨਤ ਕੀਤਾ ਅਤੇ ਇਸ ਤੋਂ ਇਲਾਵਾ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਸ੍ਰੀ ਕੇ ਕੇ ਬਾਵਾ, ਪੀ.ਐਸ.ਆਈ.ਈ.ਸੀ. ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਸਿੰਘ ਬੱਸੀ, ਪੀ.ਐਲ.ਆਈ.ਡੀ.ਬੀ. ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਰਮੇਸ਼ ਜੋਸ਼ੀ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਬੈਂਕਫਿੰਕੋ ਦੇ ਉਪ-ਚੇਅਰਮੈਨ ਮੁਹੰਮਦ ਗੁਲਾਬ, ਡੀ.ਸੀ.ਸੀ. ਲੁਧਿਆਣਾ, ਸ਼ਹਿਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਰਣਜੀਤ ਕੁਮਾਰ ਸੱਲ੍ਹ ਅਤੇ ਹੋਰ ਸ਼ਾਮਲ ਸਨ।