ਐਸ ਏ ਐਸ ਨਗਰ – ਅਕਾਲੀ ਦਲ ਦੇ ਇਤਿਹਾਸ ਵਿੱਚ ਪਾਰਟੀ ਦੇ ਉਭਾਰ ਅਤੇ ਹੋਰ ਕਾਰਜਾਂ ਵਿੱਚ ਬੀਬੀਆਂ ਦੀ ਭੂਮਿਕਾ ਹਮੇਸ਼ਾ ਹੀ ਮਹੱਤਵਪੂਰਨ ਰਹੀ ਹੈ| ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪਾਰਟੀ ਦੇ ਇਸਤਰੀ ਵਿੰਗ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ| ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਬੀਬੀਆਂ ਨੇ ਮਾਈ ਭਾਗੋ ਦੇ ਅਸਲ ਵਾਰਸ ਬਣ ਕੇ ਵੱਖ ਵੱਖ ਮੋਰਚਿਆਂ ਵਿੱਚ ਭਾਗ ਲਿਆ ਅਤੇ ਮੋਰਚੇ ਫਤਿਹ ਕੀਤੇ ਹਨ| ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪਸਾਰ ਅਤੇ ਔਰਤਾਂ ਦੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਬਾਰੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ| ਇਸ ਮੌਕੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬੀਬੀ ਹਰਜੀਤ ਕੌਰ ਤਲਵੰਡੀ ਨੂੰ ਸੂਬਾ ਕੋਆਰਡੀਨੇਟਰ ਦੀ ਜਿੰਮੇਵਾਰੀ ਸੌਂਪੀ| ਇਸ ਮੌਕੇ ਬੀਬੀ ਉਰਵਿੰਦਰ ਕੌਰ ਨੂੰ ਲੁਧਿਆਣਾ ਸ਼ਹਿਰੀ ਅਤੇ ਬੀਬੀ ਇੰਦਰਜੀਤ ਕੌਰ ਪੰਧੇਰ ਨੂੰ ਲੁਧਿਆਣਾ ਦਿਹਾਤੀ, ਬੀਬੀ ਹਰਵਿੰਦਰ ਕੌਰ ਸੇਖੋਂ ਅਤੇ ਬੀਬੀ ਅਵਤਾਰ ਕੌਰ ਨੂੰ ਸ਼੍ਰੀ ਫ਼ਤਿਹਗੜ੍ਹ ਸਾਹਿਬ, ਬੀਬੀ ਅਨੁਪਿੰਦਰ ਕੌਰ ਸੰਧੂ ਨੂੰ ਪਟਿਆਲਾ, ਬੀਬੀ ਸੁਨੀਤਾ ਸ਼ਰਮਾ ਤੇ ਹਰਦੀਪ ਕੌਰ ਨੂੰ ਸੰਗਰੂਰ ਅਤੇ ਬਰਨਾਲਾ, ਬੀਬੀ ਸਿਮਰਜੀਤ ਕੌਰ ਸਿੱਧੂ ਨੂੰ ਜਲੰਧਰ, ਬੀਬੀ ਗੁਰਮਿੰਦਰ ਪਾਲ ਕੌਰ ਨੂੰ ਬਠਿੰਡਾ, ਮਾਨਸਾ, ਮੁਕਤਸਰ ਅਤੇ ਫਰੀਦਕੋਟ, ਬੀਬੀ ਅਮਰਜੀਤ ਕੌਰ ਅਤੇ ਅਵਤਾਰ ਕੌਰ ਨੂੰ ਮੁਹਾਲੀ ਦੀ ਜ਼ਿੰਮੇਵਾਰੀ ਸੌਂਪੀ ਗਈ|