ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਂਪੇਨ ਵੈਬਸਾਈਟ ਨੂੰ ਕ੍ਰਿਪਟੋਕਰੰਸੀ ਸਕੈਮਰਸ ਨੇ ਹੈਕ ਕਰ ਲਿਆ| ਇਸ ਵੈਬਸਾਈਟ ਤੇ ਕਰੀਬ 30 ਮਿੰਟ ਤੱਕ ਹੈਕਰਾਂ ਦਾ ਕਬਜ਼ਾ ਰਿਹਾ| ਵੈਬਸਾਈਟ ਹੈਕ ਹੋ ਜਾਣ ਬਾਰੇ, ਸਭ ਤੋਂ ਪਹਿਲਾਂ ਟਵਿੱਟਰ ਯੂਜ਼ਰ ਗੈਬ੍ਰਿਏਲ ਲੋਰੇਂਡੋ ਗ੍ਰੇਸ਼ਸਕੇਲਰ ਨੇ ਇਸ ਗੱਲ ਨੂੰ ਨੋਟਿਸ ਕੀਤਾ| ਉਹਨਾਂ ਨੇ ਟਰੰਪ ਦੀ ਹੈਕ ਵੈਬਸਾਈਟ ਦਾ ਸਕ੍ਰੀਨ ਸ਼ਾਟ ਲੈ ਕੇ ਪੋਸਟ ਕੀਤਾ ਸੀ| 3 ਨਵੰਬਰ ਨੂੰ ਅਮਰੀਕਾ ਵਿਚ ਚੋਣਾਂ ਹੋਣੀਆਂ ਹਨ| ਫਾਈਨਲ ਵੋਟਿੰਗ ਤੋਂ ਪਹਿਲਾਂ ਜਾਰੀ ਅਰਲੀ ਵੋਟਿੰਗ ਵਿਚ ਟਰੰਪ ਅਤੇ ਡੈਮੋਕ੍ਰੈਟ ਜੋ ਬਿਡੇਨ ਦੇ ਵਿਚ ਸਖਤ ਮੁਕਾਬਲਾ ਦੇਖਿਆ ਜਾ ਸਕਦਾ ਹੈ|ਗੈਬ੍ਰਿਏਲ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਉਹ ਮੌਸਮ ਤਬਦੀਲੀ ਤੇ ਇਕ ਆਰਟੀਕਲ ਲੱਭ ਰਹੇ ਸਨ, ਜਦੋਂ ਉਹਨਾਂ ਦੀ ਨਜ਼ਰ ਟਰੰਪ ਦੀ ਹੈਕ ਵੈਬਸਾਈਟ ‘ਤੇ ਪਈ| ਜਿਹੜੀ ਪੋਸਟ ਵੈਬਸਾਈਟ ਤੇ ਪੋਸਟ ਕੀਤੀ ਗਈ ਸੀ, ਉਸ ਵਿਚ ਲਿਖਿਆ ਸੀ,”ਦੁਨੀਆ ਹੁਣ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਵੱਲੋਂ ਫੈਲਾਈ ਜਾ ਰਹੀ ਫੇਕ ਨਿਊਜ਼ ਤੋਂ ਤੰਗ ਆ ਚੁੱਕੀ ਹੈ| ਹੁਣ ਸਮਾਂ ਆ ਗਿਆ ਹੈ ਕਿ ਜਦੋਂ ਦੁਨੀਆ ਨੂੰ ਸੱਚਾਈ ਬਾਰੇ ਦੱਸਿਆ ਜਾਵੇ|” ਵੈਬਸਾਈਟ ਦੇ ਮੁਤਾਬਕ, ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਟਰੰਪ ਨੂੰ ਸਾਲ 2020 ਵਿਚ ਰਾਸ਼ਟਰਪਤੀ ਚੋਣਾਂ ਜਿੱਤਣੀਆਂ ਨਹੀਂ ਚਾਹੀਦੀਆਂ| ਅਮਰੀਕੀ ਨਾਗਰਿਕਾਂ ਕੋਲ ਹੋਰ ਕੋਈ ਵਿਕਲਪ ਵੀ ਨਹੀਂ ਬਚਿਆ ਹੈ| ਵੈਬਸਾਈਟ ਜਲਦੀ ਹੀ ਆਫਲਾਈਨ ਹੋ ਗਈ ਅਤੇ ਇਸ ਨੂੰ ਬਾਅਦ ਵਿਚ ਹੈਕਰਾਂ ਦੇ ਮੈਸੇਜ ਦੇ ਬਿਨਾਂ ਰੀ-ਸਟੋਰ ਕਰ ਲਿਆ ਗਿਆ| ਇਸ ਹੈਕਿੰਗ ਤੇ ਟਰੰਪ ਕੈਂਪੇਨ ਦੇ ਬੁਲਾਰੇ ਟਿਮ ਮਰਟਾਵ ਨੇ ਕਿਹਾ ਕਿ ਵੈਬਸਾਈਟ ਹੈਕ ਦੇ ਬਾਅਦ ਹੁਣ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ| ਮਾਮਲੇ ਦੀ ਜਾਂਚ ਜਾਰੀ ਹੈ| ਇਸ ਹਮਲੇ ਦੇ ਪਿੱਛੇ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ| ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਕਿਸੇ ਵੀ ਤਰ੍ਹਾਂ ਨਾਲ ਸੰਵੇਦਨਸ਼ੀਲ ਡਾਟਾ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ| ਵੈਬਸਾਈਟ ਨੂੰ ਬਹਾਲ ਕਰ ਦਿੱਤਾ ਗਿਆ ਹੈ| ਭਾਵੇਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ| ਇਸ ਤੋ ਪਹਿਲਾਂ ਇਕ ਡਚ ਸਿਕਓਰਿਟੀ ਖੋਜੀ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ ਟਰੰਪ ਦੇ ਟਵਿੱਟਰ ਅਕਾਊਂਟ ਦਾ ਐਕਸੇਸ ਹੈ ਅਤੇ ਉਸ ਨੇ ਇਸ ਦਾ ਪਾਸਵਰਡ ਤੱਕ ਜਾਰੀ ਕਰ ਦਿੱਤਾ ਸੀ|