ਸਰੀ, 6 ਅਗਸਤ 2020 – ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਲੈਕਟ੍ਰਿਕ ਪੈਸੇਂਜਰ ਵਹੀਕਲ ਖਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਤਹਿਤ 50,000 ਡਾਲਰ ਤੱਕ ਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਛੋਟ ਇਲੈਕਟ੍ਰਿਕ ਵਹੀਕਲ ਖਰੀਦਣ ਵਾਲੇ ਬਿਜ਼ਨਸਮੈਨ, ਖੇਤਰੀ ਸਰਕਾਰਾਂ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਲਈ ਉਪਲਬਧ ਹੋਵੇਗੀ। 1,700 ਤੋਂ ਲੈ ਕੇ 50,000 ਡਾਲਰ ਤੱਕ ਦੀ ਇਹ ਛੋਟ ਇਲੈਕਟ੍ਰਿਕ ਮੋਟਰ ਸਾਈਕਲਾਂ ਤੋਂ ਲੈ ਕੇ ਕਿਊਬ ਟਰੱਕ ਅਤੇ ਸ਼ਟਲ ਬੱਸਾਂ ਵਾਸਤੇ ਮਿਲੇਗੀ। ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਊਰਜਾ ਮੰਤਰੀ ਬਰੂਸ ਰਾਲਸਟਨ ਅਤੇ ਵਾਤਾਵਰਣ ਮੰਤਰੀ ਜੌਰਜ ਹੇਮੈਨ ਨੇ ਕਿਹਾ ਹੈ ਕਿ ਇਸ ਵਾਸਤੇ 2 ਮਿਲਿਅਨ ਡਾਲਰ ਖਰਚ ਕੀਤੇ ਜਾਣਗੇ।
ਵਾਤਾਵਰਣ ਮੰਤਰੀ ਨੇ ਕਿਹਾ ਕਿ ਬੀਸੀ ਸਰਕਾਰ ਵੱਲੋਂ ਇਹ ਟੀਚਾ ਰੱਖਿਆ ਗਿਆ ਹੈ ਕਿ 2030 ਤੱਕ ਸੂਬੇ ਵਿਚ ਸਾਰੇ ਵਹੀਕਲਜ਼ ਪ੍ਰਦੂਸ਼ਣ ਮੁਕਤ ਹੋ ਜਾਣ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਹੀਕਲਜ਼ ਨਾਲ ਵਾਤਾਵਰਣ ਚੁਣੌਤੀਆਂ ਦਾ ਮੁਕਾਬਲਾ ਕਰਨ ਵਿਚ ਮਦਦ ਮਿਲੇਗੀ ਅਤੇ ਨਾਲ ਹੀ ਇਸ ਤਰ੍ਹਾਂ ਦੀ ਇਨੋਵੇਸ਼ਨ ਨਾਲ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ।