ਪਟਨਾ – ਕੋਰੋਨਾ ਮਹਾਂਮਾਰੀ ਦੌਰਾਨ ਹੋ ਰਹੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਦੌਰ ਵਿੱਚ ਬਿਹਾਰ ਦੇ 16 ਜਿਲਿਆਂ ਦੇ 71 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈ ਰਹੀਆਂ ਹਨ ਅਤੇ ਦੁਪਹਿਰ ਦੇ ਤਿੰਨ ਵਜੇ ਤਕ 44 ਫੀਸਦੀ ਮਤਦਾਨ ਹੋ ਚੁਕਿਆ ਸੀ| ਵੋਟਰ ਸਵੇਰੇ 7 ਵਜੇ ਤੋਂ ਵੋਟਾਂ ਪਾਉਣ ਲਈ ਸਮਾਜਿਕ ਦੂਰੀ ਦਾ ਧਿਆਨ ਰਖਦਿਆਂ ਲਾਈਨਾਂ ਵਿਚ ਲੱਗ ਗਏ ਸਨ ਅਤੇ ਖਬਰ ਲਿਖੇ ਜਾਣ ਤਕ ਲੋਕਾਂ ਵਲੋਂ ਉਤਸ਼ਾਹ ਨਾਲ ਵੋਟਾਂ ਪਾਉਣ ਦਾ ਅਮਲ ਜਾਰੀ ਸੀ, ਜਿਸ ਤੋਂ ਲਗ ਰਿਹਾ ਸੀ ਕਿ ਇਸ ਵਾਰੀ ਵੋਟਿੰਗ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਵਧੇਰੇ ਹੋਵੇਗੀ|ਬਿਹਾਰ ਵਿਧਾਨ ਸਭਾ ਦੇ ਪਹਿਲੇ ਦੌਰ ਦੌਰਾਨ 71 ਸੀਟਾਂ ਤੋਂ 952 ਮਰਦ ਅਤੇ 114 ਮਹਿਲਾਵਾਂ ਸਮੇਤ ਕੁਲ 1066 ਉਮੀਦਵਾਰ ਚੋਣ ਮੈਦਾਨ ਵਿਚ ਹਨ| ਜਿਹਨਾਂ ਵਿਚ ਬਿਹਾਰ ਦੇ ਅੱਠ ਮੰਤਰੀ ਵੀ ਆਪਣੀ ਕਿਸਮਤ ਅਜਮਾਅ ਰਹੇ ਹਨ| ਪਹਿਲੇ ਦੌਰ ਦੀਆਂ ਚੋਣਾਂ ਲਈ ਬਿਹਾਰ ਵਿਚ 31,371 ਵੋਟ ਕੇਂਦਰ ਬਣਾਏ ਗਏ| ਬਿਹਾਰ ਚੋਣਾਂ ਦੇ ਪਹਿਲੇ ਦੌਰ ਦੌਰਾਨ ਦੁਪਹਿਰ ਇਕ ਵਜੇ ਤਕ 30 ਫੀਸਦੀ ਤੋਂ ਜਿਆਦਾ ਮਤਦਾਨ ਹੋ ਚੁਕਿਆ ਸੀ| ਦੂਜੇ ਪਾਸੇ ਬਿਹਾਰ ਦੇ ਗਯਾ ਦੇ ਟਿਕਾਰੀ ਵਿਧਾਨਸਭਾ ਵਿੱਚ ਇਕ ਉਮੀਦਵਾਰ ਉਪਰ ਹਮਲਾ ਕਰਕੇ ਉਸਦੀ ਗੱਡੀ ਦੇ ਸ਼ੀਸੇ ਤੋੜ ਦਿਤੇ ਗਏ|