ਵਾਸ਼ਿੰਗਟਨ – ਅਮਰੀਕਾ, ਭਾਰਤ, ਚੀਨ ਸਮੇਤ ਦੁਨੀਆ ਦੇ ਕਈ ਦੇਸ਼ ਚੰਨ ਤੇ ਜ਼ਿੰਦਗੀ ਦੇ ਸੰਕੇਤਾਂ ਦੀ ਖੋਜ ਕਰ ਰਹੇ ਹਨ| ਹੁਣ ਨਾਸਾ ਨੇ ਚੰਨ ਤੇ ਜੀਵਨ ਨਾਲ ਜੁੜੇ ਇਕ ਰਹੱਸ ਦਾ ਖੁਲਾਸਾ ਕੀਤਾ ਹੈ| ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਨ ਦੀ ਸਤਹਿ ਤੇ ਪਾਣੀ ਦੀ ਖੋਜ ਕੀਤੀ ਹੈ| ਨਾਸਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੰਨ ਦੀ ਸਤਹਿ ਤੇ ਇਹ ਪਾਣੀ ਦੀ ਸੂਰਜ ਦੀਆਂ ਕਿਰਨਾਂ ਪੈਣ ਵਾਲੇ ਇਲਾਕੇ ਵਿਚ ਖੋਜਿਆ ਗਿਆ ਹੈ| ਵੱਡੀ ਖੋਜ ਨਾਲ ਚੰਨ ਤੇ ਮਨੁੱਖੀ ਮਿਸ਼ਨ ਦੇ ਨਵੇਂ ਰਸਤੇ ਖੁੱਲ੍ਹਣ ਦੀ ਸੰਭਾਵਨਾ ਹੈ| ਨਾਸਾ ਦੇ ਸਟ੍ਰੇਟੋਸਫੀਅਰ ਆਬਜ਼ਰਵੇਟਰੀ ਫੌਰ ਇੰਫ੍ਰਾਰੇਡ ਐਸਟ੍ਰੋਨੌਮੀ (ਸੋਫੀਆ) ਨੇ ਚੰਨ ਦੇ ਸਨਲਿਟ (ਸੂਰਜ ਦੀਆਂ ਕਿਰਨਾਂ ਪੈਣ ਵਾਲੇ ਇਲਾਕੇ) ਸਤਹਿ ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ| ਨਾਸਾ ਦੇ ਮੁਤਾਬਕ, ਸੋਫੀਆ ਨੇ ਕਲੇਵੀਅਸ ਕ੍ਰੇਟਰ ਵਿਚ ਪਾਣੀ ਦੇ ਅਣੂ 82+ ਦਾ ਪਤਾ ਲਗਾਇਆ ਹੈ| ਕਲੇਵੀਅਸ ਕ੍ਰੇਟਰ ਚੰਨ ਦੇ ਦੱਖਣੀ ਗੋਲੇ ਵਿਚ ਸਥਿਤ ਧਰਤੀ ਤੋਂ ਦਿਖਾਈ ਦੇਣ ਵਾਲੇ ਸਭ ਤੋਂ ਵੱਡੇ ਕ੍ਰੇਟਰਾਂ ਵਿਚੋਂ ਇਕ ਹੈ| ਪਹਿਲਾਂ ਦੇ ਹੋਏ ਅਧਿਐਨਾਂ ਵਿਚ ਚੰਨ ਦੀ ਸਤਹਿ ਤੇ ਹਾਈਡ੍ਰੋਜਨ ਦੇ ਕੁਝ ਰੂਪਾਂ ਦਾ ਪਤਾ ਚੱਲਿਆ ਸੀ ਪਰ ਪਾਣੀ ਨੂੰ ਪਹਿਲੀ ਵਾਰ ਖੋਜਿਆ ਗਿਆ ਹੈ|