ਸਰੀ, 14 ਜੁਲਾਈ 2020–2019 ਵਿੱਚ ਪਰਿਵਾਰ ਸਮੇਤ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਜਲੰਧਰ ਸ਼ਹਿਰ ਦੇ ਨੌਜਵਾਨ ਪ੍ਰਭਜੋਤ ਸਿੰਘ ਨੇ ਦੋਸ਼ ਲਾਇਆ ਹੈ ਕਿ ਐਬਟਸਫੋਰਡ ਦੇ ਇਕ ਗੁਰਦੁਆਰਾ ਸਾਹਿਬ ਦੇ ਕੁਝ ਅਹੁਦੇਦਾਰਾਂ ਨੇ ਉਸ ਨੂੰ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਅਤੇ ਪੱਕੇ ਕਰਾਉਣ ਦੇ ਨਾਂ ਤੇ ਕਥਿਤ ਤੌਰ ‘ਤੇ ਮੋਟੀ ਰਕਮ ਵਸੂਲ ਕੀਤੀ ਹੈ।
ਸਰੀ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਐਬਟਸਫੋਰਡ ਦੀ ਨਾਮਵਰ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਦੇ ਸੈਕਟਰੀ ਜਤਿੰਦਰ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਗਰੇਵਾਲ ਅਤੇ ਰਣਜੀਤ ਸਿੰਘ ਸੰਧੂ ਨੇ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਨੌਕਰੀ ਦੇ ਆਧਾਰ ‘ਤੇ ਇਕ ਇਮੀਗ੍ਰੇਸ਼ਨ ਸਲਾਹਕਾਰ ਜੇ. ਐਸ. ਕਪੂਰ ਕੋਲੋਂ ਫਾਈਲ ਤਿਆਰ ਕਰਵਾ ਕੇ ਵਰਕ ਪਰਮਿਟ ਕਰਵਾ ਦਿੱਤਾ ਅਤੇ ਇਸ ਦੇ ਬਦਲੇ ਮੋਟੀ ਰਕਮ ਵਸੂਲ ਕੀਤੀ ਪਰ ਵਰਕ ਪਰਮਿਟ ਮਿਲ ਜਾਣ ਉਪਰੰਤ ਕੋਈ ਨੌਕਰੀ ਨਹੀਂ ਦਿੱਤੀ । ਉਸ ਨੇ ਕਈ ਵਾਰ ਬੇਨਤੀ ਕੀਤੀ ਕਿ ਉਸ ਕੋਲ ਇਥੇ ਰੋਜ਼ੀ ਰੋਟੀ ਚਲਾਉਣ ਲਈ ਕੋਈ ਹੋਰ ਸਾਧਨ ਨਹੀਂ ਹੈ ਅਤੇ ਉਸ ਦਾ ਆਪਣੀ ਪਤਨੀ ਅਤੇ ਦੋ ਬੇਟੀਆਂ ਸਮੇਤ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਇਸ ਤੋਂ ਇਲਾਵਾ ਜੇਕਰ ਉਹ ਆਪਣੀ ਨੌਕਰੀ ਕਰਨ ਦਾ ਸਬੂਤ ਪੇਸ਼ ਨਹੀਂ ਕਰਦਾ ਤਾਂ ਵਰਕ ਪਰਮਿਟ ਦੀ ਮਿਆਦ ਪੂਰੀ ਹੋਣ ਉਪਰੰਤ ਪੀ. ਆਰ. ਦੀ ਅਰਜ਼ੀ ਦੇਣ ਦੇ ਯੋਗ ਵੀ ਨਹੀਂ ਰਹੇਗਾ ਪਰ ਉਕਤ ਬੰਦੇ ਉਲਟਾ ਉਸ ਕੋਲੋਂ 10 ਹਜ਼ਾਰ ਡਾਲਰ ਦੀ ਹੋਰ ਮੰਗ ਕਰਨ ਲੱਗੇ ਜਦੋਂ ਕਿ ਇਸ ਤੋਂ ਪਹਿਲਾਂ ਉਹ ਇਹਨਾਂ ਨੂੰ 29,000 ਡਾਲਰ ਦੇ ਕਰੀਬ ਦੇ ਚੁੱਕਾ ਸੀ। ਉਸ ਨੇ ਇਸ ਬਾਰੇ ਪੁਲਿਸ ਅਤੇ ਇਮੀਗ੍ਰੇਸ਼ਨ ਵਿਭਾਗ ਨੂੰ ਵੀ ਸ਼ਿਕਾਇਤ ਭੇਜੀ ਹੈ।
ਜਦ ਪੱਤਰਕਾਰਾਂ ਨੇ ਪੁੱਛਿਆ ਕਿ ਉਸ ਨੇ ਗੁਰੂਦੁਆਰਾ ਸਾਹਿਬ ਤੋਂ ਹੀ ਵਰਕ ਪਰਮਿਟ ਲੈਣ ਦੀ ਅਰਜ਼ੀ ਕਿਉਂ ਦਿੱਤੀ? ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਸ਼ਬਦ ਕੀਰਤਨ ਦੀ ਟੀਮ ਨਾਲ ਤਬਲਾ ਵਜਾਉਣ ਦਾ 10 ਸਾਲ ਦਾ ਤਜਰਬਾ ਹੈ। ਇਸ ਤੋਂ ਇਲਾਵਾ ਉਹ ਹੋਰ ਕੋਈ ਕੰਮ ਨਹੀਂ ਜਾਣਦਾ। ਇਸ ਤੋਂ ਪਹਿਲਾਂ ਵੀ ਉਹ ਪੰਜਾਬ ਤੋਂ ਦੋ ਵਾਰ ਬਤੌਰ ਤਬਲਾਵਾਦਕ ਕੈਨੇਡਾ ਆ ਚੁੱਕਾ ਹੈ। ਉਸ ਦੀ ਗੁਰੂ ਘਰ ਵਿੱਚ ਅਥਾਹ ਸ਼ਰਧਾ ਹੋਣ ਕਾਰਨ ਉਸ ਨੇ ਗੁਰਦੁਆਰਾ ਸਾਹਿਬ ਦੇ ਅਹੁਦੇਦਾਰਾਂ ਉੱਤੇ ਸਹਿਜੇ ਹੀ ਭਰੋਸਾ ਕਰ ਲਿਆ ਕਿ ਉਹ ਉਸ ਨਾਲ ਕੋਈ ਠੱਗੀ ਨਹੀਂ ਕਰਨਗੇ।
ਪ੍ਰਭਜੋਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਬੰਦਿਆਂ ਨੇ ‘ਗੁਰਸਿੱਖ ਟੈਂਪਲ ਐਂਡ ਹੈਰੀਟੇਜ, ‘ਨਾਮਰਸ ਸਿੱਖ ਸੇਵਾ ਸੁਸਾਇਟੀ, ‘ਬਾਬਾ ਦੀਪ ਸਿੰਘ ਸਿੱਖ ਸੁਸਾਇਟੀ, ‘ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਅਤੇ ‘ਸਿੱਖ ਚਿਲਡਰਨ ਕਲਚਰਲ ਐਂਟਰਟੇਨਮੈਂਟ ਸੁਸਾਇਟੀ’ ਦੇ ਨਾਂ ਉੱਤੇ ਪੰਜ ਹੋਰ ਫਰਜ਼ੀ ਸੁਸਾਇਟੀਆਂ ਵੀ ਬਣਾਈਆਂ ਹੋਈਆਂ ਹਨ। ਪ੍ਰਭਜੋਤ ਸਿੰਘ ਨੇ ਆਪਣੇ ਦਾਅਵਿਆਂ ਸੰਬੰਧੀ ਦਸਤਾਵੇਜ਼ ਮੀਡੀਆ ਨੂੰ ਦਿਖਾਉਂਦਿਆਂ ਸਬੰਧਤ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਦੇ ਸੈਕਟਰੀ ਜਤਿੰਦਰ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਗਰੇਵਾਲ ਅਤੇ ਰਣਜੀਤ ਸਿੰਘ ਸੰਧੂ ਨੇ ਪ੍ਰਭਜੋਤ ਸਿੰਘ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਹੈ ਕਿ ਉਹ ਅਗਲੇ ਦਿਨਾਂ ਵਿਚ ਪ੍ਰੈਸ ਕਾਨਫਰੰਸ ਬੁਲਾ ਕੇ ਪ੍ਰਭਜੋਤ ਸਿੰਘ ਵੱਲੋਂ ਉਠਾਏ ਸਾਰੇ ਸਵਾਲਾਂ ਦੇ ਜਵਾਬ ਦੇਣਗੇ।